ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਈ
ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜੀਟਿਵ ਮਰੀਜ਼ਾਂ ਵਿੱਚੋਂ ਅੱਜ ਇਕ ਹੋਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਇਥੋਂ ਦੇ ਸਿਵਲ ਹਸਪਤਾਲ ਤੋਂ ਉਸ ਨੂੰ ਟੌਹਰ-ਸ਼ੌਹਰ ਨਾਲ ਛੁੱਟੀ ਦੇ ਦਿੱਤੀ ਗਈ ਹੈ।
ਸਿਵਲ ਸਰਜਨ ਮਾਨਸਾ ਡਾ.ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ 29 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਕਰਵਾ ਰਹੇ ਕੋਰੋਨਾ ਪੀੜਤ 13 ਸਾਲਾ ਬੱਚੇ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਤੋਂ ਆਏ ਵਿਅਕਤੀਆਂ ਦੇ ਸੈਂਪਲ ਪੋਜ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਸ ਕੋਰੋਨਾ ਮਰੀਜ਼ ਦੇ 7 ਅਪਰੈਲ ਨੂੰ ਸੈਂਪਲ ਲਏ ਗਏ ਸਨ, ਜਿਸ ਤੋਂ ਬਾਅਦ 9 ਅਪਰੈਲ ਨੂੰ ਇਸਦਾ ਸੈਂਪਲ ਪੋਜ਼ਟਿਵ ਆਉਣ 'ਤੇ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਹ ਬੱਚਾ ਨਾਜ਼ਮੂਦੀਨ ਮਰਕਸ ਨਾਲ ਸਬੰਧਤ ਜਮਾਤੀਆਂ ਦੇ ਪਰਿਵਾਰਾਂ ਵਿਚੋਂ ਇੱਕ ਹੈ।
ਇਸ ਬੱਚੇ ਨੂੰ ਸਿਵਲ ਹਸਪਤਾਲ 'ਚੋਂ ਵਿਦਾ ਕਰਨ ਸਮੇਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਸਮੇਤ ਹੋਰ ਵਿਅਕਤੀਆਂ ਨੇ ਉਸ ਨੂੰ ਜੀਵਨ ਦਾਨ ਮਿਲਿਆ ਸਮਝਕੇ ਉਸਦਾ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ ਗਿਆ ਅਤੇ ਪੂਰੇ ਚਾਅ ਨਾਲ ਜਿੰਦਗੀ ਦੀ ਬਾਜ਼ੀ ਜਿੱਤਣ ਲਈ ਵਿਦਾ ਕੀਤਾ ਗਿਆ।
ਡਾ. ਠੁਕਰਾਲ ਨੇ ਦੱਸਿਆ ਕਿ ਕੱਲ੍ਹ ਦੋ ਕੋਰੋਨਾ ਪਾਜੀਟਿਵ ਵਿਅਕਤੀ 24 ਸਾਲਾ ਪਿੰਡ ਬੁਰਜ ਰਾਠੀ ਅਤੇ 40 ਸਾਲਾ ਔਰਤ ਪਿੰਡ ਰਣਜੀਤਗੜ੍ਹ ਬਾਂਦਰਾ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਹੁਣ ਮਾਨਸਾ ਵਿੱਚ 14 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ, ਜਿੰਨ੍ਹਾ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਹਰ ਕੋਰੋਨਾ ਮਰੀਜ ਆਪਣਾ ਇਲਾਜ ਅਤੇ ਇਕਾਂਤਵਾਸ ਵਿੱਚ ਰਹਿਕੇ ਕੋਰੋਨਾ ਵਾਇਰਸ ਨੂੰ ਹਰਾ ਸਕਦਾ ਹੈ।