English Hindi February 26, 2021

ਮਿੱਤਰ ਪਿਆਰੇ

ਭਰ ਵਗਦੇ ਦਰਿਆ ਜਹੀ ਸਹਿਜ ਤੋਰ ਤੁਰੇ ਸ: ਰਛਪਾਲ ਸਿੰਘ ਸਿਬੀਆ

May 11, 2020 08:23 PM

13 ਮਈ ਨੂੰ ਭੋਗ ’ਤੇ ਵਿਸ਼ੇਸ਼


ਸਾਡੇ ਸਤਿਕਾਰਯੋਗ ਪਾਪਾ ਜੀ ਸ. ਰਛਪਾਲ ਸਿੰਘ ਸਿਬੀਆ ਦਾ ਜਨਮ 20 ਜੂਨ 1938 ਨੂੰ ਮਾਤਾ ਕਿਰਪਾਲ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਪਿੰਡ ਰਾਮਗੜ ਸਿਵੀਆਂ (ਲੁਧਿਆਣਾ)ਵਿਖੇ ਹੋਇਆ।
ਪ੍ਰਾਇਮਰੀ ਸਕੂਲ ਪੜ੍ਹਦਿਆਂ ਹੋਈ ਦੇਸ਼ ਵੰਡ ਦੀਆਂ ਧੁੰਦਲੀਆਂ ਭਿਆਨਕ ਯਾਦਾਂ ਉਨਾਂ ਦੇ ਮਨ ਤੇ ਡੂੰਘੀਆਂ ਉਕਰੀਆਂ ਪਈਆਂ ਸਨ।
ਉਨ੍ਹਾਂ ਦਾ ਪਿੰਡ ਰਾਮਗੜ੍ਹ ਸਿਵੀਆਂ ਰਾਏਕੋਟ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਰਾਏਕੋਟ ਚ ਉੱਜੜ ਰਹੇ ਲੋਕਾਂ ਲਈ ਕੈਂਪ ਲੱਗਾ ਹੋਇਆ ਸੀ ਜਿੱਥੇ ਹਠੂਰ, ਸਹਿਜਾਪੁਰ, ਨਥੋਵਾਲ ਤੇ ਹੋਰ ਪਿੰਡਾਂ ਦੇ ਮੁਸਲਮ ਪਰਿਵਾਰ ਇਸ ਪਿੰਡ ਵਿੱਚੋਂ ਲੰਘ ਕੇ ਕੈਂਪ ਪਹੁੰਚਦੇ ਸਨ। ਹਾਣੀਆਂ ਨਾਲ ਰਲ਼ ਕੇ ਉਹ ਕੋਠੇ ਚੜ੍ਹ ਕੇ ਕਾਫਲਿਆਂ ਨੂੰ ਵੇਖਦੇ, ਨੰਗੇ ਪੈਰੀਂ ਉੱਡਦੀ ਧੂੜ ਤੇ ਫਿਕਰਾਂ ਨਾਲ ਲੱਦੇ ਚਿਹਰੇ।
ਜਿੰਨੀ ਵਾਰ ਵੀ ਉਨਾਂ ਨੂੰ ਉਸ ਮਾੜੇ ਭਿਆਨਕ ਸਮੇਂ ਬਾਰੇ ਪੁੱਛਿਆ ਤਾਂ ਉਹ ਹਰ ਵਾਰ ਸਮੇਂ ਦੀ ਧੂੜ ਨੂੰ ਪਾਸੇ ਕਰ-ਕਰ ਕੇ ਬਾਲ ਮਨ ਵਿਚ ਉਕਰੀ, ਰੂਹ ਨੂੰ ਝੰਜੋੜਨ ਵਾਲੀ ਕੋਈ ਨਾ ਕੋਈ ਨਵੀਂ ਦਰਦੀਲੀ ਗੱਲ ਹੀ ਸਾਂਝੀ ਕਰਦੇ ਸਨ।
ਭਾਖੜਾ ਤੋਂ ਨਿਕਲਦੀ ਸਰਹਿੰਦ ਨਹਿਰ ਲਈ ਜਦੋਂ ਜ਼ਮੀਨ ਇਕੁਆਇਰ ਕੀਤੀ ਗਈ ਤਾਂ ਉਹ ਪੈਪਸੂ ਵਿਚ ਪਟਵਾਰੀ ਦੀ ਨੌਕਰੀ ਕਰਨ ਲੱਗ ਪਏ। ਜ਼ਮੀਨ ਦੀ ਕੀਮਤ ਅਦਾਇਗੀ ਕਰਨ ਲਈ ਮਾਲ ਮਹਿਕਮੇ ਦੇ ਸਮਰੱਥ ਅਫ਼ਸਰ ਨਾਲ ਸਹਾਇਕ ਦੀ ਜ਼ਿੰਮੇਵਾਰੀ ਆਪ ਜੀ ਦੀ ਸੀ। ਇਸ ਯੂਨਿਟ ਦਾ ਇਕ ਦਫ਼ਤਰ ਪਟਿਆਲੇ ਸੀ ਤੇ ਦੂਸਰਾ ਸ਼ਿਮਲੇ ਤੋਂ ਵੀਹ-ਬਾਈ ਕਿਲੋਮੀਟਰ ਉੱਪਰ ਪਹਾੜਾਂ ਤੇ ਸੀ। ਧਾਰਮਿਕ ਸਖ਼ਸ਼ੀਅਤ ਵਾਲੇ ਇਸ ਸਮਰੱਥ ਮਾਲ ਅਫ਼ਸਰ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਤੇ ਇਸ ਅਸਰ ਨੂੰ ਉਨਾਂ ਨੇ ਆਪਣੀ ਜ਼ਿੰਦਗੀ ਵਿਚ ਕਬੂਲਿਆ।
ਉਹ ਦੱਸਦੇ ਹੁੰਦੇ ਸਨ ਕਿ ਉਹ ਮਾਲ ਅਧਿਕਾਰੀ ਹੱਦ ਦਰਜੇ ਦੇ ਇਮਾਨਦਾਰ, ਰੂਹਾਨੀਅਤ ਸਖ਼ਸ਼ੀਅਤ ਤੇ ਦਯਾਵਾਨ ਸਨ। ਦਰਖ਼ਤ ਵਿਚ ਲੱਗੀ ਮੇਖ ਵੀ ਉਹ ਇਓਂ ਮਹਿਸੂਸ ਕਰਦੇ ਸਨ ਜਿਵੇਂ ਸਰੀਰ ਵਿਚ ਖੁੱਭੀ ਹੋਵੇ। ਪਟਿਆਲੇ ਤੋਂ ਚਲਦਿਆਂ ਪੂਰਾ ਸਫ਼ਰ ਗੁਰਬਾਣੀ ਪੜ੍ਹਦੇ ਜਾਂਦੇ। ਪੰਜ-ਛੇ ਸਾਲਾਂ ਬਾਅਦ ਜ਼ਮੀਨ ਦੀ ਕੀਮਤ ਅਦਾਇਗੀ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਉਨਾਂ ਨੂੰ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਵਿਚ ਬਦਲ ਦਿੱਤਾ ਗਿਆ।
ਕੁਝ ਸਾਲਾਂ ਬਾਅਦ ਸ: ਰਛਪਾਲ ਸਿੰਘ ਸੀਬੀਆ ਨੇ ਖੇਤੀਬਾੜੀ ਦਾ ਪਿਤਾਪੁਰਖੀ ਕੰਮ ਅਪਣਾ ਲਿਆ। ਖੇਤੀਬਾੜੀ ਦਾ ਕੰਮ ਉਨਾਂ ਸਿਰੜ ਤੇ ਹੱਡ ਭੰਨਵੀਂ ਮਿਹਨਤ ਨਾਲ ਮਿਸਾਲੀ ਤੌਰ ਤੇ ਕੀਤਾ। ਕਈ ਸਾਲ ਪ੍ਰਭਾਤ ਵੇਲੇ ਹਲ਼ ਜੋੜਦੇ ਰਹੇ। ਜੇਠ-ਹਾੜ ਧੁੱਪ ਨੂੰ ਵੀ ਪਿੰਡੇ ਤੇ ਹੰਢਾਇਆ।
ਪਹਿਲਾਂ ‘ਬਾਈ ਲਾਰਸ’ ਟਰੈਕਟਰ ਫੇਰ ‘ਹਿੰਦੋਸਤਾਨ’, ‘ਮੈਸੀ’, ‘ਫੋਰਡ’ ਤੇ ‘ਜੌਨਡੀਅਰ’ ਟਰੈਕਟਰ ਨਾਲ ਹਰੀ ਕ੍ਰਾਂਤੀ ਦੀ ਪੈੜ-ਉਲੀਕੀ। ਉਨਾਂ ਵਿਗਿਆਨਕ ਕਿਸਾਨੀ ਜੀਵਨ ਜੀਵਿਆ। ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਉਨਾਂ ਕੋਲ ਵਿਸ਼ੇਸ਼ ਆਕਰਸ਼ਣ ਸੀ। ਉਹ ਪਸ਼ੂਆਂ ਦੀ ਸਾਂਭ-ਸੰਭਾਲ ਲਈ ਅਤੀ ਸੰਵੇਦਨਸ਼ੀਲ ਅਤੇ ਖੇਤੀ ਮਸ਼ੀਨਰੀ ਦੀ ਸੰਭਾਲ ਲਈ ਬੇਹੱਦ ਸੰਵੇਦਨਸ਼ੀਲ ਸਨ। ਟਰੈਕਟਰ ਵਿਚ ਤੇਲ ਪਾਉਣ ਸਮੇਂ ਉਹ ਕੀਪ ਨੂੰ ਦੋ ਵੱਖੋ-ਵੱਖ ਕਪੜਿਆਂ ਨਾਲ ਸਾਫ਼ ਕਰਦੇ ਸਨ।
ਬੇਟੀ ਰੁਪਿੰਦਰ ਨੂੰ ਕਿਰਤ ਸਭਿਆਚਾਰ ਦੇ ਪੂਰਨੇ ਪਾਉਣ ਹਿਤ ਟਰੈਕਟਰ ਸਾਫ ਕਰਨ ਲਈ ਕੱਪੜਾ ਦਿੰਦੇ ਤਾਂ ਕਹਿੰਦੇ ਵੇਖੀਂ ਬੱਚੀਏ! ਝਰੀਟ ਨਾ ਪਵੇ। ਉਸ ਦੇ ਕੜੇ ਤੇ ਲੀਰ ਬੰਨ ਦਿੰਦੇ। ਸਲੀਕਾ ਉਨ੍ਹਾਂ ਦੇ ਰੋਮ ਰੋਮ ਵਿੱਚ ਸੀ।
ਖੇਤੀ ਦੇ ਨਾਲ-ਨਾਲ ਉਨਾਂ ਸਮਾਜਿਕ ਜੀਵਨ ਵਿਚ ਵੀ ਵੱਧ ਚੜ ਕੇ ਹਿੱਸਾ ਲਿਆ। ਦੋ ਵਾਰ ਪਿੰਡ ਰਾਮਗੜ੍ਹ ਸਿਵੀਆਂ ਦੇ ਸਰਪੰਚ ਚੁਣੇ ਗਏ, ਦੋ ਵਾਰ ਇਲਾਕੇ ਦੇ ਕੋ-ਆਪਰੇਟਿਵ ਬੈਂਕ ਦੇ ਪ੍ਰਧਾਨ ਵੀ ਰਹੇ ਅਤੇ ਪੰਦਰਾਂ ਸਾਲ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ।
ਲੰਬਾ ਸਮਾਂ ਉਨਾਂ ਪਿੰਡ ਦਾ ਕੋਈ ਵੀ ਮਾਮਲਾ/ਝਗੜਾ ਥਾਣੇ ਨਹੀਂ ਜਾਣ ਦਿੱਤਾ। ਹਰ ਇਕ ਨੂੰ ਮੋਹ ਮੁਹੱਬਤ ਕਰਨ ਵਾਲੇ ਸਨ ਸ: ਰਛਪਾਲ ਸਿੰਘ ਸਿਬੀਆ।
ਵੋਟਾਂ ਸਮੇਂ ਵਿਰੋਧੀ ਧੜਾ ਵੀ ਉਨ੍ਹਾਂ ਦੀ ਈਮਾਨਦਾਰੀ ਤੇ ਨਿਰਪੱਖਤਾ ਤੇ ਮਾਣ ਕਰਦਾ ਰਿਹਾ। ਉਨਾਂ ਸਾਂਝੇ ਸਮਾਜ ਦੇ ਪੂਰਨੇ ਹੀ ਨਹੀਂ ਪਾਏ ਬਲਕਿ ਉਨਾਂ ਪੂਰਨਿਆਂ ਨੂੰ ਗੂੜ੍ਹੇ ਕੀਤਾ ਅਤੇ ਉਨਾਂ ਤੇ ਪਹਿਰਾ ਵੀ ਦਿੱਤਾ।
ਜਵਾਨ ਪੁੱਤਰ ਦੇ ਚੜ੍ਹਦੀ ਉਮਰੇ ਤੁਰ ਜਾਣ ਦਾ ਦੁੱਖ ਅਕਹਿ ਤੇ ਅਸਹਿ ਹੋਣ ਦੇ ਬਾਵਜੂਦ ਸਿਦਕਦਿਲੀ ਨਾਲ ਝੱਲਿਆ। ਅਜਿਹੇ ਹਾਲਾਤ ਵਿਚ ਵੀ ਉਨਾਂ ਪਰਿਵਾਰ ਦੇ ਲੜ-ਖੜਾਉਂਦੇ ਪੈਰਾਂ ਨੂੰ ਸੰਭਾਲਿਆ ਤੇ ਇਕਲੌਤੀ ਧੀ ਰੁਪਿੰਦਰ ਕੌਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੀ ਐੱਚ ਡੀ ਤੀਕ ਉੱਚ ਵਿਦਿਆ ਦਿਵਾਈ। ਪਿੰਡ ਦੇ ਰਹਿਨੁਮਾ ਹੋਣ ਨਾਤੇ ਉਨਾਂ ਪਿੰਡ ਦੀ ਹਰ ਕਿਸੇ ਧੀ-ਨੂੰਹ ਨੂੰ ਆਪਣੀ ਧੀ ਰੁਪਿੰਦਰ ਵਾਂਗ ਹੀ ਪਿਆਰ ਦਿੱਤਾ। ਆਰਥਿਕ ਤੌਰ ਤੇ ਉੱਖੜੇ ਪਰਿਵਾਰਾਂ ਦੀਆਂ ਔਰਤਾਂ ਜਦ ਪਰਿਵਾਰਕ ਤੇ ਆਰਥਿਕ ਮਸਲੇ ਹੱਲ ਕਰਦੀਆਂ ਤਾਂ ਉਨਾਂ ਦੀ ਅਗਵਾਈ ਲੈਂਦੀਆਂ। ਉਹ ਸਾਫ਼ ਕਹਿ ਦਿੰਦੀਆਂ ਮੇਰਾ ਹਿੱਸਾ ਚਾਚਾ ਜੀ ਰਛਪਾਲ ਸਿੰਘ ਜੀ ਨੂੰ ਫੜਾ ਦਿਓ।
ਪਿੰਡਾਂ ਦੀਆਂ ਕਈ ਔਰਤਾਂ ਉਨਾਂ ਰਾਹੀਂ ਹੀ ਜ਼ਮੀਨ ਠੇਕੇ ਤੇ ਦਿੰਦੀਆਂ ਤੇ ਉਨਾਂ ਰਾਹੀਂ ਹੀ ਪੈਸੇ ਫੜ ਲੈਂਦੀਆਂ। ਪਿੰਡ ਚ ਕਪਾਹ ਚੁਗਦੀਆਂ ਔਰਤਾਂ ਤੋਂ ਲੈ ਕੇ ਪੰਜਾਬ ਖੇਤੀ ਵਰਸਿਟੀ ਦੇ ਹੋਸਟਲ ਵਿਚ ਰੁਪਿੰਦਰ ਵਰਗੀਆਂ ਧੀਆਂ ਤੱਕ ਉਹ ਸਭ ਦੇ ਚਾਚਾ ਜੀ, ਬਾਬਾ ਜੀ, ਪਾਪਾ ਜੀ ਸਨ।
ਧੀਆਂ ਦੀ ਮਾਰੀ ਹਰ ਆਵਾਜ਼ ਜਦ ਵਾਪਸ ਮੁੜਦੀ ਤਾਂ ਲਾਡ-ਪਿਆਰ, ਸਤਿਕਾਰ ਤੇ ਜ਼ਿੰਦਗੀ ਦੇ ਚਾਵਾਂ ਨਾਲ ਭਰੀ ਪਈ ਹੁੰਦੀ ਸੀ। ਅਜਿਹੀ ਆਵਾਜ਼ ਦੇ ਸਦੀਵੀ ਚੁੱਪ ਹੋ ਜਾਣ ਨਾਲ ਸਮਾਂ ਕਈ ਦਰਵਾਜ਼ੇ ਬੰਦ ਕਰ ਗਿਆ ਹੈ। ਉਨਾਂ ਥੁੜੇ-ਟੁੱਟੇ ਲੋਕਾਂ ਦੀ ਵੀ ਭਰਪੂਰ ਮਦਦ ਕੀਤੀ। ਆਰਥਿਕ ਮਦਦ ਦੇ ਨਾਲ-ਨਾਲ ਉਨਾਂ ਨੂੰ ਸਲਾਹ ਮਸ਼ਵਰਾ ਵੀ ਦਿੰਦੇ ਰਹੇ। ਵੱਧ ਖਰਚਿਆਂ ਤੋਂ ਵਰਜਦੇ ਰਹੇ।
ਆਪਣੇ ਦਾਮਾਦ ਸ: ਗੁਰਪ੍ਰੀਤ ਸਿੰਘ ਤੂਰ ਸਮੇਤ ਉਸ ਦੇ ਮਿੱਤਰ ਦਾਇਰੇ ਲਈ ਉਹ ਸਹਿਜ ਤੋਰ ਤੁਰਦੇ ਭਰ ਵਗਦੇ ਦਰਿਆ ਜਹੇ ਸਨ। ਹਰ ਰਿਸ਼ਤੇ ਚ ਨਿੱਘ ਭਰਦੇ। ਪਿੱਛੇ ਰਹਿ ਗਈ ਜੀਵਨ ਸਾਥਣ ਤੇ ਬਾਕੀ ਪਰਿਵਾਰ ਨੂੰ ਤਾਂ ਉਨ੍ਹਾਂ ਦੇ ਜਾਣ ਦਾ ਵੱਡਾ ਵਿਗੋਚਾ ਹੈ ਹੀ ਪਰ ਸਮਾਜਿਕ ਚੌਗਿਰਦਾ ਤੇ ਰਿਸ਼ਤੇਦਾਰਾਂ ਦਾ ਤਾਣਾ ਬਾਣਾ ਵੀ ਉਦਾਸ ਹੈ।
ਕਿਹਾ ਜਾਂਦਾ ਹੈ ਕਿ ਅਜਿਹੀ ਸਖ਼ਸ਼ੀਅਤ ਦੇ ਤੁਰ ਜਾਣ ਨਾਲ ਸਮਾਜ ਨੂੰ ਘਾਟਾ ਪੈ ਜਾਂਦਾ ਹੈ। ਪਰ ਜਿਸ ਨੇ ਇਸ ਨਿੱਘ ਨੂੰ ਨੇੜਿਓਂ ਮਾਣਿਆ ਹੋਵੇ ਉਸ ਦੀ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ।
ਹਰ ਯਾਦ ਚਿਤਵਦਿਆਂ ਸਰੀਰ ਨੂੰ ਤਰੇਲੀ ਆ ਜਾਂਦੀ ਹੈ, ਥੋੜੀ ਦੇਰ ਬਾਅਦ ਪਿੰਡਾ ਠੰਢਾ ਹੋ ਜਾਂਦਾ ਹੈ ਮੱਥਾ ਗਰਮ ਤਪ ਜਾਂਦਾ ਹੈ।
ਗ਼ਮ ਦੀ ਕਾਲੀ ਰਾਤ ਹਨ੍ਹੇਰੀ ਯਾਦਾਂ ਵਿੱਚ ਜੁਗਨੂੰ ਜਗਦੇ ਨੇ।
ਜ਼ਿੰਦਗੀ ਚੋਂ ਜਦ ਬਾਬਲ ਜਾਂਦੇ, ਹੰਝੂਆਂ ਦੇ ਦਰਿਆ ਵਗਦੇ ਨੇ।

ਨੋਟ: ਸ: ਰਛਪਾਲ ਸਿੰਘ ਸਿਬੀਆ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਮਈ ਬਾਰਾਂ ਵਜੇ ਤੋਂ ਇੱਕ ਵਜੇ ਤੀਕ ਨਿਊ ਫਰੈਂਡਜ਼ ਕਾਲੋਨੀ ਬਾੜੇਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ।
ਪਰਿਵਾਰ ਵੱਲੋਂ ਵਰਤਮਾਨ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਾਡੇ ਕੋਲ ਆਉਣ ਦੀ ਥਾਂ 13 ਮਈ ਨੂੰ ਆਪੋ ਆਪਣੇ ਘਰੀਂ ਬੈਠ ਕੇ ਉਸ ਵਕਤ ਪਾਪਾ ਜੀ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ।

- ਬੇਟੀ ਰੁਪਿੰਦਰ ਕੌਰ

Have something to say? Post your comment