ਇਸਲਾਮਾਬਾਦ, 15 ਜੂਨ
ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੇ ਦੋ ਜੂਨੀਅਰ ਅਧਿਕਾਰੀ ਲਾਪਤਾ ਹੋ ਗਏ ਹਨ। ਸੂਤਰਾਂ ਨੇ ਏਐੱਨਆਈ ਨੂੰ ਦੱਸਿਆ ਕਿ ਦੋ ਅਧਿਕਾਰੀ ਪਿਛਲੇ ਕੁਝ ਘੰਟਿਆਂ ਤੋਂ ਗਾਇਬ ਹਨ।
ਹਾਲ ਹੀ 'ਚ ਪਾਕਿਸਤਾਨ 'ਚ ਭਾਰਤੀ ਦੂਤਾਵਾਸ ਦੇ ਕਾਰਜਕਾਰੀ ਹਾਈ ਕਮਿਸ਼ਨਰ ਗੌਰਵ ਅਹਲੂਵਾਲੀਆ ਦੀ ਕਾਰ ਦਾ ਪਾਕਿ ਖ਼ੂਫੀਆ ਏਜੰਸੀ ਆਈਐੱਸਆਈ ਦੇ ਇਕ ਮੈਂਬਰ ਨੇ ਮੋਟਰਸਾਈਕਲ ਤੋਂ ਪਿੱਛਾ ਕੀਤਾ ਸੀ। ਇਹੀ ਨਹੀਂ ਆਈਐੱਸਆਈ ਨੇ ਗੌਰਵ ਆਹਲੂਵਾਲੀਆ ਦਾ ਸ਼ੋਸ਼ਣ ਕਰਨ ਤੇ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਕਈ ਕਾਰਾਂ ਤੇ ਬਾਈਕਾਂ ਦੀ ਭੀੜ ਲੱਗਾ ਦਿੱਤੀ ਸੀ।
ਮਾਰਚ ਵਿੱਚ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਨੂੰ ਇਕ ਸਖ਼ਤ ਵਿਰੋਧ ਪੱਤਰ ਭੇਜਿਆ ਸੀ, ਜਿਸ 'ਚ ਪਾਕਿਸਤਾਨੀ ਅਧਿਕਾਰੀਆਂ ਵੱਲ਼ੋਂ ਉਨ੍ਹਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਲਗਾਤਾਰ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਈ ਗਈ ਸੀ। ਭਾਰਤ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਨ੍ਹਾਂ ਘਟਨਾਵਾਂ ਦੀ ਜਲਦ ਜਾਂਚ ਕਰੇ ਤੇ ਸਬੰਧਿਤ ਏਜੰਸੀਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦੇਣ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਹੋਵੇ।