ਇਸਲਾਮਾਬਾਦ, 5 ਜੁਲਾਈ
ਇਥੇ ਬਣਨ ਵਾਲੇ ਪਹਿਲੇ ਕ੍ਰਿਸ਼ਨ ਮੰਦਰ ਦੀ ਨੀਂਹ ਨੂੰ ਕੁਝ ਧਾਰਮਿਕ ਸਮੂਹਾਂ ਨੇ ਢਹਿ-ਢੇਰੀ ਕਰ ਦਿੱਤਾ।ਇਮਰਾਨ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਮੁਸਲਿਮ ਕੱਟੜਪੰਥੀਆਂ ਦੇ ਫਤਵੇ ਦੇ ਅੱਗੇ ਗੋਡੇ ਟੇਕਦਿਆਂ ਮੰਦਰ ਦੇ ਨਿਰਮਣ 'ਤੇ ਰੋਕ ਲਗਾ ਦਿੱਤੀ ਸੀ। ਇਸ ਮੰਦਰ ਦਾ ਨਿਰਮਾਣ ਪਾਕਿਸਤਾਨ ਦੀ ਕੈਪੀਟਲ ਡਿਵੈਲਪਮੈਂਟ ਅਥਾਰਿਟੀ ਕਰ ਰਹੀ ਸੀ। ਪਾਕਿਸਤਾਨ ਸਰਕਾਰ ਨੇ ਹੁਣ ਮੰਦਰ ਦੇ ਸੰਬੰਧ ਵਿਚ ਇਸਲਾਮਿਕ ਆਈਡੀਓਲੌਜੀ ਕੌਂਸਲ ਤੋਂ ਸਲਾਹ ਲੈਣ ਦਾ ਫੈਸਲਾ ਲਿਆ ਹੈ। ਹੁਣ ਕੁਝ ਵਿਅਕਤੀਆਂ ਨੇ ਨੀਂਹ ਵਿੱਚ ਲੱਗੀਆਂ ਇੱਟਾਂ ਉਖੇੜ ਦਿੱਤੀਆਂ ਹਨ। ਇਸ ਸਬੰਧੀ ਇਕ ਵੀਡੀਓ ਜਾਰੀ ਹੋਈ ਹੈ।
ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਧਾਰਮਿਕ ਪਹਿਲੂ ਨੂੰ ਦੇਖਣ ਦੇ ਬਾਅਦ ਮੰਦਰ ਨੂੰ ਬਣਾਉਣ 'ਤੇ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਦੇ ਲਈ ਫੰਡ ਜਾਰੀ ਕਰਨ 'ਤੇ ਫੈਸਲਾ ਦੇਣਗੇ। ਮੰਦਰ ਦੇ ਨਿਰਮਾਣ ਕੰਮ 'ਤੇ ਰੋਕ ਲਗਾਉਣ ਦੇ ਬਾਅਦ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।
ਪਾਕਿਸਤਾਨ ਦੀ ਰਾਜਧਾਨੀ ਇਮਲਾਮਾਬਾਦ ਵਿਚ ਪਹਿਲਾ ਮੰਦਰ ਬਣਾਏ ਜਾਣ ਤੋਂ ਪਹਿਲਾਂ ਵਿਰੋਧ ਸ਼ੁਰੂ ਹੋ ਗਿਆ ਹੈ। ਕਈ ਕੱਟੜਪੰਥੀ ਧਾਰਮਿਕ ਸੰਸਥਾਵਾਂ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਇਸਲਾਮ ਵਿਰੋਧੀ ਕਰਾਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਲਈ ਇਮਰਾਨ ਸਰਕਾਰ ਨੇ 10 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ।
- ਏਜੰਸੀ