*ਲੱਗਦੀ ਸੋਹਣੀ ਵਰਦੀ ਪਾਈ, *
*ਅਫਸਰ ਚਾਹੇੇ ਹੋਣ ਸਿਪਾਹੀ, *
*ਸੇਵਾ ਔਖੀ ਹਿੱਸੇ ਆਈ, ਦੇਸ਼ ਦੇ ਪਹਿਰੇਦਾਰਾਂ ਦੇ, *
*ਮਨ ਮੋਂਹਦੇ ਵਰਦੀ ਵਾਲੇ, ਧੀਆਂ ਪੁੱਤ ਸਰਦਾਰਾਂ ਦੇ!*
*ਮਾਪਿਆਂ ਦਾ ਨਾਂ ਚਮਕਾਉਂਦੇ, ਧੀਆਂ ਪੁੱਤ ਸਰਦਾਰਾਂ ਦੇ!*
ਵਰਦੀ - ਇੱਕ ਅਜਿਹਾ ਸ਼ਬਦ , ਜਿਸ ਦੀ ਕਲਪਨਾ ਕਰਦਿਆਂ ਹੀ ਅਨੁਸ਼ਾਸਨ ਅਤੇ ਊਚ-ਨੀਚ ਦੇ ਸਭ ਭੇਦ ਭਾਵ ਨੂੰ ਮਿਟਾਉਂਦੀ ਹੋਈ ਇੱਕ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਫਿਰ ਵਰਦੀ ਭਾਵੇਂ ਵਿਦਿਆਰਥੀ ਦੀ ਹੋਵੇ, ਪੁਲੀਸ ਦੀ ਹੋਵੇ, ਫੌਜ ਦੀ ਹੋਵੇ, ਸਕਿਉਰਟੀ ਗਾਰਡ ਦੀ ਹੋਵੇ ਜਾਂ ਕਿਸੇ ਵੀ ਹੋਰ ਮਹਿਕਮੇ ਦੇ ਅਧਿਕਾਰੀ ਦੀ ਵਰਦੀ ਹੋਵੇ, ਇਸ ਦੀ ਗ਼ਰੀਮਾ ਅਤੇ ਮਰਿਆਦਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ।
ਵਰਦੀ ਦੀ ਅਜਿਹੀ ਹੀ ਮਰਿਆਦਾ ਵਿੱਚ ਵਾਧਾ ਕਰਦਾ ਵੀਰ ਹਰਫੂਲ ਭੁੱਲਰ ਦਾ ਲਿਖਿਆ ਤੇ ਰਜ਼ਾ ਹੀਰ ਦਾ ਗਾਇਆ ਗੀਤ ਹੈ- 'ਵਰਦੀ' ! ਇਸ ਗੀਤ ਦਾ ਸੰਗੀਤ ਮਫ਼ਿਨ/ਗਰੈਕਸ ਦਾ ਹੈ ਅਤੇ ਵੀਡੀਓ ਸਨਮ ਬਜਾਜ ਦੁਆਰਾ ਤਿਆਰ ਕੀਤੀ ਗਈ ਹੈ। ਹਰਫੂਲ ਭੁੱਲਰ, ਜੋ ਖ਼ੁਦ ਇੱਕ ਪੁਲਿਸ ਮੁਲਾਜ਼ਮ ਹੈ, ਵਰਦੀ ਦੀ ਅਹਿਮੀਅਤ ਪ੍ਰਤੀ ਪੂਰਾ ਸੁਚੇਤ ਅਤੇ ਸੰਜੀਦਾ ਹੈ। ਉਹ ਨਹੀਂ ਚਾਹੁੰਦਾ ਕਿ ਵਰਦੀ 'ਤੇ ਕਿਸੇ ਕਿਸਮ ਦਾ ਕੋਈ ਦਾਗ ਲੱਗੇ। ਸੁਰਾਂ ਦੀ ਮਲਿਕਾ ਰਜ਼ਾ ਹੀਰ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਗਾ ਕੇ ਇਸ ਗੀਤ ਵਿੱਚ ਹੋਰ ਵੀ ਵਧੇਰੇ ਰੂਹ ਭਰ ਦਿੱਤੀ ਹੈ।
ਇਸ ਗੀਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਅਸਲੀ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਰੋਲ ਨਿਭਾਏ ਗਏ ਹਨ । ਮਾਣਯੋਗ ਐਸਐਸਪੀ ਸ੍ਰ .ਨਾਨਕ ਸਿੰਘ ਅਤੇ ਅਰਜਨਾ ਐਵਾਰਡੀ ਐਸਪੀ ਨਵਨੀਤ ਕੌਰ ਤੋਂ ਲੈ ਕੇ ਪੁਲਿਸ ਕਾਂਸਟੇਬਲ ਤੱਕ ਸਭ ਦਾ ਰੋਲ ਅਤੇ ਰੋਹਬ ਸ਼ਾਨਦਾਰ ਰਿਹਾ ਹੈ। ਵੀਡੀਓ ਫਿਲਮਾਂਕਣ ਬਠਿੰਡਾ ਸ਼ਹਿਰ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਉਪਰ ਕੀਤਾ ਗਿਆ ਹੈ ।
ਯਕੀਨਨ ਇਹ ਗੀਤ ਪੰਜਾਬ ਪੁਲੀਸ ਦੀ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਰਹੀ ਸਾਖ਼ ਨੂੰ ਉੱਚਾ ਉਠਾਉਣ ਵਿੱਚ ਮਦਦ ਕਰੇਗਾ। ਅਜਿਹੇ ਮਿਆਰੀ ਅਤੇ ਖੂਬਸੂਰਤ ਗੀਤਾਂ ਦੀ ਅੱਜ ਬਹੁਤ ਲੋੜ ਹੈ। ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਨੂੰ ਹਥਿਆਰਾਂ, 'ਕੁੜੀਆਂ' ਅਤੇ ਨਸ਼ਿਆਂ ਨੂੰ ਛੱਡ ਕੇ ਅਜਿਹੇ ਸਾਰਥਕ ਵਿਸ਼ਿਆਂ ਦੀ ਚੋਣ ਕਰਨ ਦੀ ਲੋੜ ਵੀ ਹੈ ਅਤੇ ਜ਼ਿੰਮੇਵਾਰੀ ਵੀ.....!
'ਵਰਦੀ' ਦਾ ਸਵਾਗਤ ਹੈ !!
ਕੁਲਵਿੰਦਰ ਵਿਰਕ
ਕੋਟਕਪੂਰਾ
ਫੋਨ :- 78146 54133