ਬਹੁਤ ਵਾਰ ਲੱਗਦਾ ਬਈ ਆਹ ਫੇਸਬੁੱਕ ਵੀ ਹੁਣ ਜੱਬ ਬੁੱਕ ਈ ਬਣ ਗੀ, ਸਵੇਰੇ ਉੱਠਦਿਆਂ ਸਾਰ ਈ ਪਹਿਲਾਂ ਫੋਨ ਖੋਲ ਕੇ ਵੇਖਦੀ ਆਂ ਬਈ ਰਾਤ ਕੀ ਹੋਇਆ। ਹੋਇਆ ਚਾਹੇ ਕੁੱਛ ਵੀ ਨੀ ਹੁੰਦਾ ਪਰ ਵੇਖਦਿਆਂ ਸਾਰ ਨਸ਼ਾ ਪੂਰਾ ਹੋ ਜਾਂਦਾ। ਵੈਸੇ ਤਾਂ ਨਸ਼ਾ ਹਰੇਕ ਚੀਜ ਦਾ ਈ ਮਾੜਾ ਹੁੰਦਾ ਪਰ ਲੱਗਦਾ ਹੁਣ ਇਹ ਨਸ਼ਾ ਤਾਂ ਜਿੰਦਗੀ ਦਾ ਹਿੱਸਾ ਈ ਬਣ ਗਿਆ। ਪਹਿਲਾਂ ਚਾਹ ਦੇ ਕੱਪ ਨਾਲ ਅਖਬਾਰ ਪੜਨ ਦਾ ਚਸਕਾ ਹੁੰਦਾ ਸੀ, ਹੁਣ ਫੇਸਬੁੱਕ ਦਾ ਚਸਕਾ।
ਵੈਸੇ ਤਾਂ ਮਾੜੀ ਗੱਲ ਵੀ ਨੀ ਇਸ ਫੇਸ ਬੁੱਕ ਦੀ ਬਦੌਲਤ ਈ ਕਈ ਚਿਰਾਂ ਦੀਆਂ ਵਿੱਛੜੀਆਂ ਸਹੇਲੀਆਂ ਮਿਲੀਆਂ ਨੇ, ਕਈ ਨਵੇਂ ਦੋਸਤ ਪਿਆਰੇ ਮਿਲੇ ਆ। ਨਹੀਂ ਤਾਂ ਕੁੜੀਆਂ ਲਈ ਬਚਪਨ, ਸਕੂਲ ਕਾਲਜ ਦੀਆਂ ਸਹੇਲੀਆਂ ਲੱਭਣੀਆਂ ਮੁਸ਼ਕਲ ਈ ਹੁੰਦੀਆਂ ਸੀ।ਕੁੜੀਆਂ ਦਾ ਨਾਂ, ਪਰਵਾਰ ਬਦਲ ਜਾਂਦਾ, ਪਿੰਡ ਸ਼ਹਿਰ ਬਦਲ ਜਾਂਦੇ ਆ, ਕੂੰਜਾਂ ਦੀ ਡਾਰ ਤੇ ਤ੍ਰਿਜੰਣ ਦੀਆਂ ਕੁੜੀਆਂ ਮੁੜ ਨਾ ਹੋਣ ਕੱਠੀਆਂ ਵਾਲੀ ਗੱਲ ਹੁੰਦੀ ਆ। ਪੁਰਾਣੀ ਸਕੂਲ ਕਾਲਜ ਸਹੇਲੀ ਦਾ ਮਿਲਣਾ ਵੀ ਲਾਟਰੀ ਲੱਗਣ ਵਰਗਾ ਈ ਹੁੰਦਾ ਸੀ।
ਪੁਰਾਣੇ ਜਮਾਨੇ ਚ ਤਾਂ ਹਾਲੇ ਫੇਰ ਕੁੜੀਆਂ ਚਿੜੀਆਂ ਤੀਆਂ, ਵਰਤਾਂ ਜਾਂ ਰੱਖੜੀ ਵਰਗੇ ਦਿਨ ਤਿਉਹਾਰਾਂ ਨੂੰ ਪੇਕੀਂ ਜਾਕੇ ਮਿਲ ਲੈਂਦੀਆਂ ਸੀ ਸਹੇਲੀਆਂ ਨੂੰ, ਉਹ ਤਿਉਹਾਰ ਵੀ ਸਕੂਲ ਕਾਲਜ ਦੇ ਰੀਯੂਨੀਅਨ ਵਰਗੇ ਈ ਹੁੰਦੇ ਸੀ। ਬਾਅਦ ਚ ਜਦ ਕੁੜੀਆਂ ਪੜਨ ਲਿਖਣ ਨੌਕਰੀ ਕਰਨ ਲੱਗ ਗੀਆਂ ਤਾਂ ਘਰ ਤੇ ਬਾਹਰ ਦੀ ਡਬਲ ਡਿਊਟੀ ਕਰਨ ਵਾਲੀਆਂ ਕੋਲ ਪੇਕੀਂ ਜਾਕੇ ਰਹਿਣ ਜਾਂ ਸਹੇਲੀਆਂ ਨੂੰ ਮਿਲਣ ਦਾ ਸਮਾਂ ਨੀ ਸੀ ਬਚਦਾ।
ਹੁਣ ਇਸ ਸ਼ੋਸ਼ਲ ਮੀਡੀਆ ਤੇ ਅੱਡੋ ਅੱਡ ਸਕੂਲ ਕਾਲਜਾਂ ਦੇ ਨਾਂ ਤੇ ਵੱਟਸ ਅੱਪ ਗਰੁੱਪ ਜਾਂ ਫੇਸ ਬੁੱਕ ਗਰੁੱਪ ਬਣਗੇ, ਪੁਰਾਣੀਆਂ ਸਹੇਲੀਆਂ ਨੂੰ ਮਿਲ ਕੇ ਇਸਨਾਨ ਆਪਣੀ ਗੁਜਰੀ ਜਿੰਦਗੀ ਦੇ ਰੂਬਰੂ ਹੋ ਲੈਂਦਾ। ਅਸਲ ਚ ਆਪਣੇ ਬਚਪਨ ਜੁਆਨੀ ਦੀਆਂ ਸ਼ਰਾਰਤਾਂ ਯਾਦ ਕਰਕੇ ਤਾਞ ਹਰੇਕ ਦੇ ਮੂੰਹ ਤੇ ਈ ਖੁਸ਼ੀਆਂ ਦਾ ਖੇੜਾ ਆ ਜਾਂਦਾ। ਵੈਸੇ ਵੀ ਚੰਗੇ ਦੋਸਤ ਵੀ ਮਰਹਮ ਵਰਗੇ ਈ ਹੁੰਦੇ ਆ ਜਿਹੜੇ ਜਿੰਦਗੀ ਦੇ ਦੁੱਖ ਸੁੱਖ ਵੇਲੇ ਨਾਲ ਹੋਣ ਤਾਂ ਜਿੰਦਗੀ ਸੌਖੀ ਹੋ ਜਾਂਦੀ ਆ। ਬਹੁਤੀ ਵਾਰ ਤਾਂ ਜਿੰਦਗੀ ਜਿਉਂਦਿਆਂ ਇਨਸਾਨ ਆਪਣੇ ਆਪ ਨੂੰ ਵੀ ਭੁੱਲ ਜਾਂਦਾ। ਇਹ ਦੋਸਤ ਸਾਡੀ ਹਾਸਿਆਂ ਖੇੜਿਆਂ ਵਾਲੀ ਵਿਰਾਸਤ ਦੇ ਹਿੱਸੇਦਾਰ ਹੁੰਦੇ ਆ ।
ਵੈਸੇ ਤਾਂ ਸਾਰੇ ਰਿਸ਼ਤੇ ਈ ਪਿਆਰ ਤੇ ਇੱਜਤ ਦੇ ਭੁੱਖੇ ਹੁੰਦੇ ਆ ਪਰ ਦੋਸਤੀ ਸ਼ਾਇਦ ਦੋ ਤਰਫਾ ਸ਼ੀਸ਼ੇ ਵਰਗਾ ਰਿਸ਼ਤਾ ਹੁੰਦਾ। ਜੋ ਤੁਸੀਂ ਕਹਿੰਦੇ ਕਰਦੇ ਓ ਉਹੀ ਸਭ ਵਿਆਜ ਸਮੇਤ ਵਾਪਸ ਮਿਲ ਜਾਂਦਾ। ਇਹਦੇ ਚ ਰਿਸ਼ਤਿਆਂ ਵਾਂਗ ਫਰਜ ਜਾਂ ਰਿਸ਼ਤੇ ਦੀ ਧੌਂਸ ਨੀ ਹੁੰਦੀ, ਬੱਸ ਬਰਾਬਰ ਦਾ ਰਿਸ਼ਤਾ ਹੁੰਦਾ।ਮੰਨਦੀ ਆਂ ਕਈ ਵਾਰ ਸੋਨੇ ਦੀ ਥਾਂ ਮੁਲੰਮੇ ਵੀ ਟੱਕਰ ਜਾਂਦੇ ਆ ਪਰ ਉਹ ਵੀ ਚੰਗੇ ਦੋਸਤਾਂ ਦੀ ਕਦਰ ਵਧਾ ਈ ਜਾਂਦੇ ਆ। ਅਸਲ ਚ ਤਾਂ ਜਿਹੜੇ ਦੋਸਤਾਂ ਨੂੰ ਮਿਲ ਕੇ ਤੁਹਾਡੀ ਰੂਹ ਖੁਸ਼ ਹੋਜੇ, ਸਾਲਾਂ ਦਾ ਵਿਛੋੜਾ ਵੀ ਪੰਘਰ ਕੇ ਲੱਗੇ ਜਿਵੇਂ ਕਦੇ ਵਿੱਛੜੇ ਈ ਨਾ ਹੋਈਏ, ਉਹੋ ਜਿਹੇ ਦੋਸਤ ਜਿੰਦਗੀ ਚ ਰੰਗ ਭਰ ਦਿੰਦੇ ਆ। ਉਹਨਾਂ ਨਾਲ ਬੇਝਿਜਕ ਦਿਲ ਖੋਲ ਕੇ ਗੱਲ ਕਰ ਸਕਦੇ ਓ, ਕੋਈ ਫਾਰਮੈਲਿਟੀ ਨੀ ਕਰਨੀ ਪੈਂਦੀ, ਜੋ ਦਿਲ ਚ ਹੁੰਦਾ ਉਹੀ ਜੁਬਾਨ ਤੇ ਆ ਜਾਂਦਾ। ਸੋਚਦੀ ਆਂ ਜੇ ਇਹੋ ਜਿਹੇ ਜਿੰਦਗੀ ਦੇ ਸਤੰਬਾਂ ਵਰਗੇ ਦੋਸਤ ਮਿਲ ਜਾਣ ਤਾਂ ਉਹਨਾਂ ਨੂੰ ਆਪਣੀ ਹਉਮੇਂ ਦੀ ਅਹਿਰਣ ਤੇ ਬਹੁਤਾ ਨੀ ਤਰਾਸ਼ਣਾ ਚਾਹੀਦਾ।