English Hindi January 17, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਨਾ ਖੇਡਾਂ ਨਾ ਖੇਡਣ ਦਵਾਂ

September 17, 2020 06:57 AM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਕੱਲ ਫੇਸ ਬੁੱਕ 'ਤੇ ਫੋਰਡ ਟਰੈਕਟਰ ਦੀ ਵੇਲਾਂ ਬੂਟਿਆਂ ਚੋਂ ਝਾਤੀਆਂ ਮਾਰਦੀ ਫੋਟੋ ਨੇ ਕਿਤੇ ਨਾ ਕਿਤੇ ਭਰਾਵਾਂ ਦੀ ਵੰਡ ਦੀ ਕਹਾਣੀ ਸੁਣਾ ਤੀ। ਕਹਿੰਦੇ ਭਰਾਵਾਂ ਨੇ ਵੰਡ ਵੰਡਾਈ ਵੇਲੇ ਬਾਕੀ ਸਭ ਕੁੱਛ ਤਾਂ ਵੰਡ ਲਿਆ ਪਰ ਟਰੈਕਟਰ ਵਿਚਾਰੇ ਨਾਲ ਨਾ ਖੇਡਾਂ ਨਾ ਖੇਡਣ ਦਵਾਂ ਵਾਲੀ ਗੱਲ ਬਣ ਗੀ , ਇਸੇ ਕਰਕੇ ਚਾਲੀ ਸਾਲ ਤੋਂ ਚੁੱਪ ਚਾਪ ਗੂੰਗਾ ਬਣਿਆ ਵੰਡ ਦੀ ਕਹਾਣੀ ਸੁਣਾ ਰਿਹਾ। ਵੈਸੇ ਸੋਚਣ ਵਾਲੀ ਗੱਲ ਆ ਬਈ ਕਿਵੇਂ ਇੱਕ ਦੂਜੇ ਨੂੰ ਗੋਦੀ ਚੱਕ ਕੇ ਖਿਡਾਉਣ ਵਾਲੇ, ਇੱਕ ਦੂਜੇ ਨੂੰ ਬਾਹਾਂ ਕਹਿਣ ਵਾਲੇ ਭਰਾ ਚੰਦ ਸਿੱਕਿਆਂ ਪਿੱਛੇ ਸ਼ਰੀਕ ਬਣ ਜਾਂਦੇ ਆ।

ਪਿੰਡਾਂ ਚ ਤਾਂ ਆਮ ਈ ਵੇਖਦੇ ਰਹੇ ਆਂ ਇਹ ਅੱਡ ਹੋਣ ਦੇ ਮੰਜਰ, ਜਦ ਕਿਸੇ ਘਰ ਹਰ ਤੀਜੇ ਦਿਨ ਈ ਉੱਚੀ ਉੱਚੀ ਬੋਲ ਬੁਲਾਰਾ ਜਾਂ ਲੜਾਈ ਰਹਿਣ ਲੱਗ ਜਾਣੀ ਤਾਂ ਪਤਾ ਈ ਹੁੰਦਾ ਸੀ ਬਈ ਇਹ ਹੁਣ ਅੱਡ ਹੋਣਗੇ। ਬਜੁਰਗਾਂ ਨੂੰ ਤਾਂ ਹੁੰਦਾ ਸੀ ਬਈ ਮੁੰਡੇ ਅੱਡ ਨਾ ਹੋਣ, ਇਕੱਠ ਚ ਕੁੱਛ ਬਣ ਜੂ ਪਰ ਜਦ ਪਾਣੀ ਸਿਰ ਤੋਂ ਦੀ ਲੰਘ ਜਾਣਾ ਤਾਂ ਫੇਰ ਕਿਸੇ ਸਿਆਣਾ ਮਾਮੇ ਜਾਂ ਫੁੱਫੜ ਨੇ ਆ ਜਾਣਾ ਸਾਂਝੇ ਘਰ ਚ ਕੰਧਾਂ ਕਢਵਾਉਣ। ਵੈਸੇ ਅੱਗੇ ਲੋਕ ਗੱਲ ਮੰਨ ਵੀ ਲੈਂਦੇ ਸੀ, ਪੰਚ ਸਰਪੰਚ ਵੀ ਰੱਬ ਲੱਗਦੀ ਗੱਲ ਕਰਦੇ ਹੁੰਦੇ ਸੀ। ਅਸਲ ਚ ਭਰਾਵਾਂ ਦੀ ਲੜਾਈ ਤਾਂ ਵੱਧ ਹਿੱਸਾ ਜਾਂ ਚੰਗੀਆਂ ਚੀਜਾਂ ਲੈਣ ਲਈ ਓ ਹੁੰਦੀ ਆ।

ਮੈਨੂੰ ਇੱਕ ਗੱਲ ਯਾਦ ਕਰਕੇ ਹੁਣ ਵੀ ਇੱਕ ਮਾਮੀ ਅੱਖਾਂ ਮੂਹਰੇ ਆ ਖੜਦੀ ਆ। ਬੜੀ ਤੇਜ ਤਰਾਰ ਸੀ, ਉਹਦੀ ਸੱਸ ਨੇ ਕਹਿਣਾ ਨੀ ਇਹ ਤਾਂ ਮੁੜਦੀ ਗੱਡੀ ਚੁੱਲਾ ਨਾਲ ਈ ਲੈਕੇ ਆਈ ਸੀ। ਜਿੱਦਣ ਉਹ ਅੱਡ ਹੋਏ, ਤਾਂ ਮਾਮੀ ਚੁੰਨੀ ਦਾ ਘੁੰਡ ਕੱਢ ਕੇ ਪੂਰੀ ਠਾਣੇਦਾਰਨੀ ਬਣੀ ਪੰਚਾਇਤ ਦੇ ਵਿਚਾਲੇ ਖੜੀ ਬੋਲੀ ਗਈ, ਬਥੇਰਾ ਘਰ ਵਾਲਾ ਕਹੇ ਬਈ ਤੂੰ ਅੰਦਰ ਜਾਹ ਪਰ ਉਹ ਕਿੱਥੇ ਹਟੇ, ਅਖੀਰ ਨੂੰ ਸਰਪੰਚ ਉੱਠ ਕੇ ਖੜਾ ਹੋ ਗਿਆ ਤੇ ਵੱਡੇ ਭਰਾ ਨੂੰ ਕਹਿੰਦਾ ਭਾਈ ਵੱਧ ਘੱਟ ਲੈ ਦੇਕੇ ਚੁੱਪ ਕਰਕੇ ਅੱਡ ਹੋਜਾ ਤੇਰੀ ਏਸੇ ਚ ਈ ਭਲਾਈ ਆ।

ਵੈਸੇ ਤਾਂ ਆਪਣੇ ਇਸ ਵੰਡ ਵੰਡਾਈ ਲਈ ਬਹੁਤੀ ਵਾਰ ਬਿਗਾਨੀਆਂ ਧੀਆਂ ਈ ਜੁੰਮੇਵਾਰ ਮੰਨੀਆਂ ਜਾਂਦੀਆਂ ਪਰ ਅਸਲ ਚ ਤਾਂ ਸਾਰੇ ਈ ਰਲ ਮਿਲ ਕੇ ਇੱਕੀ ਕੱਤੀ ਪਾਉਂਦੇ ਆ। ਬਹੁਤੀ ਵਾਰ ਰੌਲਾ ਘਰ ਦੀ ਲੰਬੜਦਾਰੀ ਜਾਂ ਘਰ ਦੇ ਕੰਮ ਧੰਦਿਆਂ ਤੋਂ ਸ਼ੁਰੂ ਹੋਕੇ ਐਸਾ ਵਿਗੜਦਾ ਫੇਰ ਇਕੱਠ ਨਿਭਣਾ ਮੁਸ਼ਕਲ ਹੋ ਜਾਂਦਾ। ਅਸਲ ਚ ਤਾਂ ਹਰ ਇੱਕ ਈ ਚਾਹੁੰਦਾ ਮੈਂ ਆਪਣੇ ਘਰ ਦੀ ਆਪ ਮਾਲਕਣ ਹੋਵਾਂ, ਜੋ ਜੀ ਕਰੇ ਕਰਾਂ, ਮੈਂ ਕਿਸੇ ਜੇਠ ਜਠਾਣੀ ਜਾਂ ਸੱਸ ਸਹੁਰੇ ਦੇ ਅੰਡਰ ਕਿਉਂ ਰਹਾਂ। ਬੇਸ਼ੱਕ ਮਾਂ ਬਾਪ ਲਈ ਬਹੁਤ ਔਖਾ ਹੁੰਦਾ ਆਪਣੇ ਖੂਨ ਪਸੀਨੇ ਨਾਲ ਬਣਾਏ ਘਰ ਚ ਕੰਧਾਂ ਨਿੱਕਲਦੀਆਂ ਵੇਖਣੀਆਂ ਪਰ ਇਹੀ ਕੁਦਰਤ ਦਾ ਅਸੂਲ ਆ ।ਵੈਸੇ ਵੀ ਹਰ ਵਕਤ ਦੀ ਲੜਾਈ ਵੱਸਦੇ ਘਰਾਂ ਨੂੰ ਨਰਕ ਬਣਾ ਦਿੰਦੀ ਆ।

ਅਸਲ ਚ ਲੜਾਈ ਤਾਂ ਸਾਂਝੇ ਕਮਾਈ ਦੇ ਸੋਮਿਆਂ ਦੀ ਜਾਂ ਮਾਂ ਬਾਪ ਦੀ ਕੀਤੀ ਕਮਾਈ ਚੋਂ ਹੱਕ ਲੈਣ ਦੀ ਹੁੰਦੀ ਆ। ਹਰ ਇੱਕ ਸੋਚਦਾ ਮੈਂ ਸਾਂਝੇ ਘਰ ਚ ਕੰਮ ਜਿਆਦਾ ਕਰਿਆ, ਮੇਰਾ ਹੱਕ ਜਿਆਦਾ ਬਣਦਾ, ਪਰ ਸਾਂਝੇ ਘਰਾਂ ਚ ਬਣੀਆਂ ਚੀਜਾਂ ਚ ਹੱਕ ਸਭ ਦੇ ਬਰਾਬਰ ਮੰਨੇ ਜਾਂਦੇ ਆ। ਕਈ ਵਾਰ ਜੀਹਦੀ ਜੁਬਾਨ ਚੱਲਦੀ ਆ ਉਹਦੇ ਸੱਤ ਹਲ ਚੱਲਣ ਵਾਲੀ ਗੱਲ ਵੀ ਹੋ ਜਾਂਦੀ ਆ। ਮੈਨੂੰ ਲੱਗਦਾ ਸਾਡਾ ਅਗਲੀ ਪੀੜੀ ਦੇ ਭਵਿੱਖ ਸੁਆਰਨ ਦਾ ਲਾਲਚ ਈ ਸ਼ਾਇਦ ਬਹੁਤੀਆਂ ਲੜਾਈਆਂ ਲਈ ਜੁੰਮੇਵਾਰ ਹੁੰਦਾ।

ਵੈਸੇ ਤਾਂ ਜੇ ਮਾਂ ਬਾਪ ਈ ਕਹਿਣਾ ਸਿੱਖ ਲੈਣ ਬਈ ਭਾਈ ਤੁਹਾਨੂੰ ਵਿਆਹ ਤਾ ਵਰ ਤਾ, ਜਾਓ ਆਪੋ ਆਪਣਾ ਕਮਾਓ ਤੇ ਖਾਓ ਤਾਂ ਸ਼ਾਇਦ ਜੁਆਕਾਂ ਦੀ ਵੀ ਅਕਲ ਟਿਕਾਣੇ ਆ ਜਾਇਆ ਕਰੇ। ਮਾਂ ਬਾਪ ਆਪ ਈ ਆਪਦੇ ਪੈਰਾਂ ਤੇ ਕੁਹਾੜਾ ਮਾਰ ਬੈਠਦੇ ਆ ਜਦ ਕਹਿ ਦਿੰਦੇ ਆ, ਭਾਈ ਸਭ ਕੁੱਛ ਥੋਡਾ ਈ ਆ, ਅਸੀਂ ਤਾਂ ਹੁਣ ਦੋ ਵੇਲੇ ਦੀ ਰੋਟੀ ਦੇ ਭਾਈਵਾਲ ਆਂ। ਭੁੱਲ ਜਾਂਦੇ ਆ ਬਈ ਇਹੀ ਦੋ ਵੇਲੇ ਦੀ ਰੋਟੀ ਨੇ ਈ ਕਿਸੇ ਦਿਨ ਸਾਨੂੰ ਧੀਆਂ ਪੁੱਤਾਂ ਦੇ ਗੁਲਾਮ ਬਣਾ ਦੇਣਾ। ਫੇਰ ਘਰ ਬਾਰ ਵੰਡਣ ਵੇਲੇ ਪੁੱਤ ਮਾਂ ਬਾਪ ਨੂੰ ਵੀ ਵੰਡ ਲੈਂਦੇ ਆ। ਉਹ ਕਦੇ ਵੱਡੇ ਦੇ ਚੁੱਲੇ ਵੱਲ ਕਦੇ ਛੋਟੇ ਦੇ ਚੁੱਲੇ ਵੱਲ ਵੇਖਕੇ ਜਿੰਦਗੀ ਦੇ ਅਖੀਰਲੇ ਸਾਲ ਕੱਢਦੇ ਆ।

ਕਈ ਵਾਰ ਤਾਂ ਲੱਗਦਾ ਬਈ ਸਿਰ ਪਈਆਂ ਜੁੰਮੇਵਾਰੀਆਂ ਨਿਭਾਉਣ ਨਾਲ ਈ ਸ਼ਰੀਕੇਬਾਜੀ ਦਾ ਮੁੱਢ ਬੱਝਦਾ। ਅਸੀਂ ਆਪਣੇ ਈ ਖੂਨ ਨਾਲ ਈਰਖਾ, ਸਾੜਾ ਤੇ ਜਿੱਦ ਕਰਨ ਲੱਗ ਪੈਨੇ ਆਂ। ਕਈ ਵਾਰ ਤਾਂ ਛੋਟੇ ਜਿਹੇ ਲਾਲਚ ਤੋਂ ਸ਼ੁਰੂ ਹੋਈ ਇਹ ਸ਼ਰੀਕੇਬਾਜੀ ਦੋਵਾਂ ਦੇ ਘਰ ਬਾਰ ਈ ਮਿਟਾ ਦਿੰਦੀ ਆ। ਅਸਲ ਚ ਅਸੀਂ ਭੁੱਲ ਜਾਨੇ ਆਂ ਬਈ ਅੱਜ ਅਸੀਂ ਜਿਹੜੇ ਬੱਚਿਆਂ ਲਈ ਆਪਣੇ ਭਰਾਵਾਂ ਨਾਲ ਲੜ ਰਹੇ ਆਂ ਕੱਲ ਨੂੰ ਇਹ ਵੀ ਸਾਡੇ ਕਦਮ ਚਿੰਨਾਂ ਤੇ ਚੱਲ ਕੇ ਆਪਣਿਆਂ ਨਾਲ ਲੜਨਗੇ। ਪਤਾ ਨੀ ਕਿਉਂ ਭੁੱਲ ਜਾਨੇ ਆਂ ਬਈ ਇਹਨਾਂ ਜਮੀਨ ਜਾਇਦਾਦਾਂ ਦੇ ਪੁਰਾਣੇ ਮਾਲਕ ਸਾਡੇ ਦਾਦੇ ਪੜਦਾਦੇ ਵੀ ਸ਼ਰੀਕੇਬਾਜੀਆਂ ਨਿਭਾਉਂਦੇ ਸਭ ਕੁੱਛ ਐਥੇ ਈ ਛੱਡ ਕੇ ਚਲੇ ਗਏ ਤੇ ਅਸੀਂ ਵੀ ਚਲੇ ਈ ਜਾਣਾ। ਕਿਉਂ ਅਸੀਂ ਜਿੰਦਗੀ ਨੂੰ ਬੱਸ ਪੈਸਿਆਂ ਦੀ ਦੌੜ ਈ ਸਮਝ ਕੇ ਗੁਜਾਰੀ ਜਾਨੇ ਆਂ।

, , , , , , , , ,

Have something to say? Post your comment