ਮੁੰਬਈ , 23 ਸਤੰਬਰ
ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਬਾਲੀਵੁੱਡ ਦੀ ਇਕ ਹੋਰ ਅਦਾਕਾਰਾ ਨੇ ਰੇਪ ਦਾ ਦੋਸ਼ ਲਾਉਂਦੇ ਹੋਏ ਮੁੰਬਈ ਪੁਲੀਸ ਕੋਲ ਕੇਸ ਦਰਜ ਕਰਵਾਇਆ ਹੈ। ਪੀੜਤਾ ਦੇ ਵਕੀਲ ਨਿਤਿਨ ਸਤਪੁਤੇ ਨੇ ਦੱਸਿਆ ਕਿ ਰੇਪ, ਗਲਤ ਤਰੀਕੇ ਨਾਲ ਰੋਕਣਾ ਤੇ ਇਕ ਮਹਿਲਾ ਦੀ ਮਰਿਆਦਾ ਭੰਗ ਕਰਨ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਨੁਰਾਗ ਕਸ਼ਅਪ ਖ਼ਿਲਾਫ਼ ਆਈ. ਪੀ. ਸੀ. ਦੇ ਸੈਕਸ਼ਨ 376-1 (ਬਲਾਤਕਾਰ/ਰੇਪ), 354 (ਮਹਿਲਾ ਦੀ ਮਰਿਆਦਾ ਭੰਗ ਕਰਨ ਦੀ ਇੱਛਾ ਨਾਲ ਤਾਕਤ ਦਾ ਇਸਤੇਮਾਲ ਕਰਨਾ), 341 ਤੇ 342 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਤਪੁਤੇ ਮੁਤਾਬਕ, ਰੇਪ ਦੀ ਇਹ ਸ਼ਿਕਾਇਤ ਕਥਿਤ ਘਟਨਾ ਅਗਸਤ 2013 'ਚ ਹੋਈ ਸੀ, ਜਦੋਂ ਅਦਾਕਾਰਾ ਕੰਮ ਦੀ ਭਾਲ ਕਰ ਰਹੀ ਸੀ ਅਤੇ ਇਸੇ ਸਿਲਸਿਲੇ 'ਚ ਅਨੁਰਾਗ ਕਸ਼ਅਪ ਦੇ ਸੰਪਰਕ 'ਚ ਆਈ ਸੀ। ਸਤਪੁਤੇ ਨੇ ਕਿਹਾ, 'ਅਨੁਰਾਗ ਕਸ਼ਅਪ ਨੇ ਪਹਿਲਾਂ ਆਪਣੇ ਦਫ਼ਤਰ 'ਚ ਮੀਟਿੰਗ ਫਿਕਸ ਕੀਤੀ ਤੇ ਉਥੇ ਕੋਈ ਗੜਬੜੀ ਨਹੀਂ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰਾ ਨੂੰ ਘਰ ਖਾਣੇ 'ਤੇ ਬੁਲਾਇਆ। ਤੀਜੀ ਵਾਰ ਫ਼ਿਰ ਉਸ ਨੂੰ ਘਰ ਆਉਣ ਲਈ ਕਿਹਾ । ਜਦੋਂ ਅਦਾਕਾਰਾ ਪਹੁੰਚੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਮੂਵੀ ਕਲੈਕਸ਼ਨ ਨੂੰ ਦੇਖੋ ਅਤੇ ਇਸ ਤੋਂ ਬਾਅਦ ਅਨੁਰਾਗ ਨੇ ਗਲਤ ਕੰਮ (ਰੇਪ) ਕੀਤਾ।
ਸੋਮਵਾਰ ਨੂੰ ਸਤਪੁਤੇ ਤੇ ਪੀੜਤ ਅਦਾਕਾਰਾ ਓਸ਼ੀਵਾਰਾ ਪੁਲੀਸ ਸਟੇਸ਼ਟ ਗਏ ਸਨ ਪਰ ਉਨ੍ਹਾਂ ਨੂੰ ਪਤਾ ਲੱਗਾ ਕਿ ਅਨੁਰਾਗ ਕਸ਼ਅਪ ਦਾ ਘਰ ਵਰਸੋਵਾ ਪੁਲੀਸ ਸਟੇਸ਼ਨ ਦੇ ਇਲਾਕੇ 'ਚ ਪੈਂਦਾ ਹੈ। ਇਸ ਤੋਂ ਬਾਅਦ ਵਰਸੋਵਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ।