English Hindi January 24, 2021

ਮੁੱਦੇ/ਮਸਲੇ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

September 26, 2020 08:20 PM

ਟੂਰਿਜ਼ਮ ਐਂਡ ਹੌਸਪਿਟਾਲਿਟੀ ਵਿਭਾਗ ਵੱਲੋਂ ’ਸੈਰ ਸਪਾਟਾ ਅਤੇ ਪੇਂਡੂ ਵਿਕਾਸ’ ਵਿਸ਼ੇ ਸਬੰਧੀ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ
ਵਿਸ਼ਵ ਸੈਰ-ਸਪਾਟਾ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਹਰ ਸਾਲ ਹਵਾਈ ਅੱਡੇ ’ਤੇ ਸੈਲਾਨੀਆਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੌਸਪਿਟਾਲਟੀ ਵਿਭਾਗ ਦੇ ਫੈਕਲਟੀ ਮਂੈਬਰਾਂ ਵੱਲੋਂ ਅੰਤਰਰਾਸ਼ਟਰੀ ਏਅਰਪੋਰਟ ਚੰਡੀਗੜ੍ਹ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਫੁੱਲ ਭੇਂਟ ਕਰਕੇ ਨਿੱਘਾ ਜੀ ਆਇਆ ਆਖਿਆ ਗਿਆ। ਇਸ ਦੌਰਾਨ ਫੈਕਲਟੀ ਮੈਂਬਰਾਂ ਵੱਲੋਂ ਸੈਲਾਨੀਆਂ ਦਾ ਜਿਥੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਹੀ ਉਨ੍ਹਾਂ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮਨਾਏ ਜਾਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ। ਅੰਤਰਰਾਸ਼ਟਰੀ ਏਅਰਪੋਰਟ ਚੰਡੀਗੜ੍ਹ ਵਿਖੇ ਯਾਤਰੀਆਂ ਦੇ ਸਵਾਗਤ ਲਈ ਪਹੁੰਚਣ ਵਾਲੀ ਟੀਮ ਵਿੱਚ ਏਅਰਲਾਈਨਜ਼ ਵਿਭਾਗ ਤੋਂ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ ਸ਼ਿਵਾਲੀ ਯਾਦਵ ਅਤੇ ਟੂਰਿਜ਼ਮ ਵਿਭਾਗ ਤੋਂ ਅਸਿਸਟੈਂਟ ਪ੍ਰੋਫੈਸਰ ਧਰੂਵਿਤਾ ਅਤੇ ਅਕੈਡਮਿਕ ਕੋਆਰਡੀਨੇਟਰ ਹਰਜੋਤ ਕੌਰ ਸ਼ਾਮਲ ਸਨ।
ਵਿਸ਼ਵ ਸੈਰ ਸਪਾਟਾ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸੈਰ ਸਪਾਟਾ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਸਿਆਸੀ ਮਹੱਤਵ ਤੋਂ ਜਾਣੂ ਕਰਵਾਉਣਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਜ਼ਿੰਮੇਵਾਰ ਸੈਲਾਨੀ ਵੀ ਬਣਾਉਣਾ ਹੈ। ਇਸ ਸਾਲ ਯੂਨਾਈਡ ਨੇਸ਼ਨ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ (ਯੂ.ਐਨ.ਡਬਲਿਯੂ.ਟੀ.ਓ) ਵੱਲੋਂ ਸੈਰ ਸਪਾਟਾ ਦਿਵਸ ਦਾ ਵਿਸ਼ਾ ’ਸੈਰ ਸਪਾਟਾ ਅਤੇ ਪੇਂਡੂ ਵਿਕਾਸ’ ਰੱਖਿਆ ਗਿਆ ਹੈ ਕਿਉਂਕਿ ਤਾਜ਼ਾ ਹਾਲਾਤਾਂ ਕਾਰਨ ਦੁਨੀਆਂ ਭਰ ਦੇ ਦੇਸ਼ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ਟੂਰਿਜ਼ਮ ਖੇਤਰ ’ਤੇ ਨਿਰਭਰ ਕਰਦੇ ਹਨ। ਇਸ ਸਾਲ ਪੇਂਡੂ ਅਤੇ ਵੱਡੇ ਸ਼ਹਿਰਾਂ ’ਚ ਔਰਤਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੌਕੇ ਪ੍ਰਦਾਨ ਕਰਵਾਉਣ ਵਿੱਚ ਸੈਰ ਸਪਾਟਾ ਦੀ ਮਹੱਤਤਾ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਵਿਸ਼ਵ ਸੈਰ ਸਪਾਟਾ ਦਿਵਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੌਸਪਿਟਾਲਟੀ ਵਿਭਾਗ ਵੱਲੋਂ ਆਨਲਾਈਨ ਪੱਧਰ ’ਤੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਦੇ ’ਸੈਰ ਸਪਾਟਾ ਅਤੇ ਪੇਂਡੂ ਵਿਕਾਸ’ ਵਿਸ਼ੇ ਸਬੰਧੀ ਫ਼ੋਟੋਗ੍ਰਾਫ਼ੀ, ਟ੍ਰੈਵਲ ਰਾਈਟਿੰਗ, ਪੇਂਟਿੰਗ ਦ ਫੇਸ, ਬੈਸਟ ਆਊਟ ਆਫ਼ ਵੇਸਟ ਅਤੇ ਰੰਗੋਲੀ ਮੁਕਾਬਲੇ ਕਰਵਾਏ ਜਦਕਿ ਵੋਕਲ ਫ਼ਾਰ ਲੋਕਲ ਵਿਸ਼ੇ ਸਬੰਧੀ ਪ੍ਰੈਜ਼ੇਟੇਸ਼ਨ ਮੁਕਾਬਲੇ ਵੀ ਕਰਵਾਏ ਗਏ, ਜੋ ਸੱਭਿਆਚਾਰ, ਮੇਲਿਆਂ ਅਤੇ ਤਿਉਹਾਰਾਂ ’ਤੇ ਆਧਾਰਿਤ ਸੀ।
ਇਸ ਦੌਰਾਨ ਗੱਲਬਾਤ ਕਰਦਿਆਂ ਹੋਟਲ ਮੈਨੇਜਮੈਂਟ ਵਿਭਾਗ ਦੇ ਪਿ੍ਰੰਸੀਪਲ ਮਨੀਸ਼ ਸ਼ਰਮਾ ਨੇ ਕਿਹਾ ਕਿ ਦੇਸ਼ ’ਚ ਪਿਛਲੇ ਕਈ ਸਾਲਾਂ ਤੋਂ ਟੂਰਿਜ਼ਮ ਇੱਕ ਪ੍ਰਮੁੱਖ ਸਨਅਤ ਦੇ ਰੂਪ ’ਚ ਉਭਰਿਆ ਹੈ ਅਤੇ ਦੇਸ਼ ਦੇ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਟੈ੍ਰਵਲ ਅਤੇ ਟੂਰਿਜ਼ਮ ਭਾਰਤ ਦੇ ਸੱਭ ਤੋਂ ਵੱਡੇ ਉਦਯੋਗਾਂ ਵਿੱਚੋਂ ਇੱਕ ਹੈ, ਜਿਸ ਨੇ ਵਰਲਡ ਟੈ੍ਰਵਲ ਐਂਡ ਟੂਰਿਜ਼ਮ ਕੌਂਸਲ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਭਾਰਤ ਦੀ ਕੁੱਲ ਜੀ.ਡੀ.ਪੀ ਵਿੱਚ 9.2 ਫ਼ੀਸਦੀ ਯੋਗਦਾਨ ਪਾਇਆ ਹੈ ਜਦਕਿ ਟੂਰਿਜ਼ਮ ਐਂਡ ਹੌਸਪਿਟਾਲਿਟੀ ਖੇਤਰ ਵਿੱਚ 4.2 ਲੱਖ ਨਵੀਂਆਂ ਨੌਕਰੀਆਂ ਪੈਦਾ ਹੋਈਆਂ ਹਨ, ਜੋ ਕੁੱਲ ਰੋਜ਼ਗਾਰ ਦਾ 8.1 ਫ਼ੀਸਦੀ ਹਿੱਸਾ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਉਦੇਸ਼ ਰਿਹਾ ਹੈ ਕਿ ਮੌਜੂਦਾ ਅਤੇ ਆਉਣ ਵਾਲੀ ਪੀੜੀ ਨੂੰ ਦੇਸ਼ ਦੀ ਅਮੀਰ ਸੱਭਿਅਤਾ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸੈਰ ਸਪਾਟਾ ਅਤੇ ਪ੍ਰਹੁਣਚਾਰੀ ਖੇਤਰ ‘ਚ ਉਭਰ ਰਹੇ ਮੌਕੇ ਪ੍ਰਦਾਨ ਕੀਤੇ ਜਾਣ, ਜਿਸ ਲਈ ’ਵਰਸਿਟੀ ਵੱਲੋਂ ਢੁੱਕਵੇਂ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਰਸਿਟੀ ਵੱਲੋਂ ਟੂਰਿਜ਼ਮ ਐਂਡ ਹੌਸਪਿਟਾਲਿਟੀ ਲਈ ਢੁੱਕਵਾਂ ਅਤੇ ਇੰਡਸਟਰੀ ਦੀ ਮੌਜੂਦਾ ਲੋੜਾਂ ਅਨੁਸਾਰ ਪਾਠਕ੍ਰਮ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2019 ਦੌਰਾਨ ਖੇਤਰ ਨਾਲ ਸਬੰਧਿਤ 360 ਤੋਂ ਵੱਧ ਵਿਦਿਆਰਥੀਆਂ ਨੂੰ ਦੇਸ਼ ਵਿਦੇਸ਼ ਦੀਆਂ ਚੋਟੀ ਦੀਆਂ ਹੋਟਲ ਅਤੇ ਹੈਸਟੋਰੈਂਟ ਇਕਾਈਆਂ ਵੱਲੋਂ ਨੌਕਰੀ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਪ੍ਰਮੁੱਖ ਹੋਟਲ ਅਤੇ ਰੈਸਟੌਰੈਂਟ ਅਦਾਰੇ ਭਰਤੀ ਪ੍ਰੀਕਿਰਿਆ ਲਈ ’ਵਰਸਿਟੀ ਦੇ ਵਿਦਿਆਰਥੀਆਂ ’ਚ ਰੁਚੀ ਵਿਖਾ ਰਹੇ ਹਨ ਜਦਕਿ 50 ਤੋਂ ਵੱਧ ਪੰਜ ਤਾਰਾ ਹੋਟਲ ਵਿਦਿਆਰਥੀ ਪਲੇਸਮੈਂਟ ਲਈ ਚੰਡੀਗੜ੍ਹ ਯੂਨੀਵਰਸਿਟੀ ਪਹੁਚੇ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਕੰਪਨੀ ਵਾਲਟ ਡਿਜ਼ਨੀ ਵੱਲੋਂ ’ਵਰਸਿਟੀ ਦੇ 47 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ।
ਫ਼ੋਟੋ ਕੈਪਸ਼ਨ: ’ਵਿਸ਼ਵ ਸੈਰ ਸਪਾਟਾ ਦਿਵਸ’ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਹਵਾਈ ਅੱਡੇ ’ਤੇ ਸੈਲਾਨੀਆਂ ਅਤੇ ਯਾਤਰੀਆਂ ਨੂੰ ਫੁੱਲ ਭੇਂਟ ਕਰਕੇ ਜੀ ਆਇਆਂ ਆਖਦੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਫੈਕਲਟੀ ਮੈਂਬਰ।

Have something to say? Post your comment