English Hindi January 16, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਚੌਧਰੀਆਂ ਦੀ ਚੌਧਰ

September 27, 2020 12:26 PM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਕਈ ਵਾਰ ਸੋਚ ਕੇ ਲੱਗਦਾ ਬਈ ਜਿਵੇਂ ਆਪਣੇ ਤਾਂ ਹਰ ਪਾਸੇ ਈ ਚੌਧਰ ਦਾ ਈ ਰੌਲਾ ਪਿਆ ਰਹਿੰਦਾ। ਚਾਹੇ ਉਹ ਗੁਰੂ ਘਰ ਹੋਵੇ ਜਾਂ ਆਪਣਾ ਘਰ ਜਾਂ ਕੋਈ ਸੰਘਰਸ਼ ਹਰ ਥਾਂ ਕਈ ਲੋਕਾਂ ਨੂੰ ਤਾਂ ਬੱਸ ਆਪਣੀ ਲੀਡਰੀ ਚਮਕੌਣ ਤੱਕ ਮਤਲਬ ਹੁੰਦਾ। ਮੂਹਰੇ ਹੋ ਹੋ ਫੋਟੋਆਂ ਖਿਚਵਾਉਣਗੇ, ਅਖਬਾਰਾਂ ਚ ਖਬਰ ਲਵਾਉਣਗੇ। ਕਈ ਵਾਰ ਤਾਂ ਖਬਰ ਪੜ ਕੇ ਵੀ ਹੈਰਾਨੀ ਹੁੰਦੀ ਆ ਬਈ ਉਸ ਖਬਰ ਚ ਖਬਰ ਘੱਟ ਤੇ ਬੰਦਿਆਂ ਦੇ ਨਾਂ ਬਹੁਤੇ ਹੁੰਦੇ ਆ। ਹੋਰ ਤਾਂ ਹੋਰ ਕਿਸੇ ਦੇ ਮਰਗ ਦੇ ਭੋਗ ਦੀ ਖਬਰ ਚ ਵੀ ਪੰਜਾਹ ਜਾਣਿਆਂ ਦੇ ਨਾਂ ਲਿਖੇ ਪਏ ਹੁੰਦੇ ਆ ਬਈ ਫਲਾਣਾ ਫਲਾਣਾ ਪਹੁੰਚੇ ਤੇ ਫਲਾਣੇ ਫਲਾਣੇ ਨੇ ਦੁੱਖ ਸਾਂਝਾ ਕੀਤਾ। ਸਾਰਿਆਂ ਦਾ ਜੋਰ ਲੱਗਿਆ ਪਿਆ ਹੁੰਦਾ ਬਈ ਮੇਰਾ ਨਾਂ ਹੋਣਾ ਚਾਹੀਦਾ।

ਹੁਣ ਆਹ ਕਿਸਾਨ ਸੰਘਰਸ਼ ਬਾਰੇ ਸੋਚਦੀ ਆਂ, ਬਈ ਕਿਸਾਨ ਦਾ ਤਾਂ ਹੱਥ ਅੱਜ ਤੱਕ ਕਿਸੇ ਨੇ ਨੀ ਫੜਿਆ। ਆਪਣੇ ਦੋ ਵੱਡੀਆਂ ਪਾਰਟੀਆਂ ਈ ਪੰਜਾਬ ਚ ਰਾਜ ਕਰਦੀਆਂ ਰਹੀਆਂ ਪਿਛਲੇ ਸੱਤਰ ਸਾਲ ਤੋਂ, ਕਿਸੇ ਨੇ ਕਿਸਾਨਾਂ ਦੀ ਸਾਰ ਨੀ ਲਈ। ਪਿੱਟ ਪਿੱਟ ਮਰਗੇ ਵਿਚਾਰੇ, ਹਰੇਕ ਸਾਲ ਈ ਧਰਨੇ ਲਾਉਂਦੇ ਆ, ਜਲੂਸ ਕੱਢਦੇ ਆ ਬਈ ਸਵਾਮੀਨਾਥਨ ਕਮਿਸ਼ਨ ਲਾ ਦੋ, ਜਿਨਸਾਂ ਦੇ ਭਾਅ ਵਧਾ ਦੋ, ਸਾਡਾ ਪੂਰਾ ਨੀ ਪਟਦਾ ਪਰ ਕੀ ਮਜਾਲ ਆ ਕਿਸੇ ਦੇ ਕੰਨਾਂ ਤੇ ਜੂੰ ਸਰਕੀ ਹੋਵੇ। ਨਾ ਕਦੇ ਉਹਨੂੰ ਚੱਜ ਦਾ ਭਾਅ ਮਿਲਿਆ , ਨਾ ਕਿਸੇ ਨੇ ਉਹਦੀ ਸੁਣੀ ਆ, ਉਪਰੋਂ ਉਹਦੀ ਲੁੱਟ ਘਸੁੱਟ ਵਾਧੂ ਕਰਦੇ ਆ। ਹੁਣ ਆਹ ਰਹਿੰਦੀ ਖੂੰਹਦੀ ਕਸਰ ਨਵਾਂ ਕੰਨੂਨ ਪੂਰੀ ਕਰਦੂ।

ਇਹ ਨੀ ਕਿ ਸਰਕਾਰਾਂ ਨੂੰ ਨਕਲੀ ਦੁਆਈਆਂ ਵੇਚਣ ਵਾਲਿਆਂ ਦਾ ਜਾਂ ਨਕਲੀ ਬੀਜ ਵੇਚਣ ਵਾਲਿਆਂ ਦਾ ਜਾਂ ਮੰਡੀਆਂ ਚ ਹੋ ਰਹੀ ਲੁੱਟ ਘਸੁੱਟ ਦਾ ਪਤਾ ਨੀ, ਪਰ ਸਾਰਿਆਂ ਦਾ ਹਿੱਸਾ ਪੱਤੀ ਜੋ ਹੁੰਦਾ, ਕਰਦੇ ਕੁੱਛ ਨੀ। ਅਸਲ ਚ ਤਾਂ ਇਹ ਸਭ ਚੱਲਦਾ ਈ ਲੀਡਰਾਂ ਦੀ ਛੱਤਰਛਾਇਆ ਹੇਠ ਆ । ਜੇ ਕਦੇ ਕੋਈ ਵਿਚਾਰਾ ਗਲਤੀ ਨਾਲ ਕਿਸੇ ਦੀ ਸ਼ਿਕਾਇਤ ਕਰ ਵੀ ਬੈਠੇ ਤਾਂ ਸੁਣਵਾਈ ਕੋਈ ਨੀ ਹੁੰਦੀ, ਪਰ ਕਈ ਵਾਰ ਲੈਣੇ ਦੇ ਦੇਣੇ ਜਰੂਰ ਪੈ ਜਾਂਦੇ ਆ। ਤਾਂ ਹੀ ਲੋਕ ਕਹਿ ਦਿੰਦੇ ਆ ਜੀ ਕੀ ਕਰੀਏ ਏਥੇ ਤਾਂ ਕੁੱਤੀ ਚੋਰਾਂ ਨਾਲ ਰਲੀ ਹੋਈ ਆ।

ਹੁਣ ਕੁੱਤੀ ਦਾ ਤਾਂ ਪਤਾ ਨੀ ਬਈ ਚੋਰਾਂ ਨਾਲ ਰਲੀ ਆ ਕਿ ਨਹੀਂ ਪਰ ਸਾਰੇ ਪਾਸੇ ਗੋਲ ਮਾਲ ਜਰੂਰ ਆ। ਵੱਡੇ ਲੀਡਰ ਇੱਕ ਦੂਜੇ ਦੇ ਬਚਾਅ ਚ ਤਾਂ ਆ ਖੜਦੇ ਆ ਪਰ ਲੋਕਾਂ ਨਾਲ ਕਦੇ ਨੀ ਖੜਦੇ। ਵਾਅਦੇ ਸਾਰੇ ਕਰਦੇ ਆ, ਵੋਟਾਂ ਵੇਲੇ ਗਰੀਬ ਗੁਰਬਿਆਂ ਦੇ ਘਰੀਂ ਰੋਟੀਆਂ ਵੀ ਖਾਂਦੇ ਆ ਪਰ ਕੰਮ ਸਿਰਫ ਆਪਣਿਆਂ ਦਾ ਈ ਕਰਦੇ ਆ। ਅਸਲ ਚ ਗਲਤੀ ਸ਼ਾਇਦ ਲੋਕਾਂ ਦੀ ਵੀ ਆ , ਜਿਹੜੇ ਬੋਤਲ ਜਾਂ ਚਾਰ ਸਿੱਕਿਆਂ ਪਿੱਛੇ ਆਪਣੀਆਂ ਵੋਟਾਂ ਵੇਚਕੇ ਕਿਸਮਤ ਇਹਨਾਂ ਦੇ ਹੱਥ ਫੜਾ ਦਿੰਦੇ ਆ।

ਹੁਣ ਵੀ ਮਨ ਚ ਡਰ ਲੱਗਦਾ ਬਈ ਇਸ ਕਿਸਾਨ ਸੰਘਰਸ਼ ਦਾ ਵੀ ਉਹੀ ਹਾਲ ਨਾ ਹੋਜੇ, ਜੋ ਅੱਜ ਤੱਕ ਸਾਰੀਆਂ ਲੋਕ ਲਹਿਰਾਂ ਦਾ ਹੁੰਦਾ ਆਇਆ। ਹੁਣ ਤਾਂ ਭਾਵੇਂ ਸਾਰੇ ਲੀਡਰ ਈ ਵਾਹ ਵਾਹ ਖੱਟਣ ਚ ਲੱਗੇ ਹੋਏ ਆ, ਬਈ ਮੈਂ ਜੱਟ ਦਾ ਪੁੱਤ ਆਂ, ਜੱਟ ਦੇ ਨਾਲ ਖੜਾਂ ਪਰ ਅਸਲੀਅਤ ਇਹ ਵੀ ਆ ਕਿ ਅੰਦਰ ਖਾਤੇ ਸਾਰੇ ਈ ਸਿਆਸੀ ਰੋਟੀਆਂ ਸੇਕ ਰਹੇ ਆ। ਸਭ ਇੱਕ ਦੂਜੇ ਕੋਂ ਮੂਹਰੇ ਹੋ ਹੋ ਦਿੱਲੀ ਨੂੰ ਭੱਜ ਜਰੂਰ ਰਹੇ ਆ, ਪਰ ਕਦ ਸਮਝੌਤੇ ਕਰ ਲੈਣ ਕੋਈ ਪਤਾ ਨੀ। ਵੈਸੇ ਵੀ ਇਹਨਾਂ ਨੂੰ ਇਹ ਦਿੱਲੀ ਪਹਿਲਾਂ ਕਿਉਂ ਨੀ ਦਿਸੀ, ਕਿਉਂ ਨੀ ਇਹਨਾਂ ਨੇ ਕਿਸਾਨਾਂ ਨੂੰ ਪਹਿਲਾਂ ਲਾਮਬੰਦ ਕੀਤਾ, ਕਿਉਂ ਨੀ ਦੱਸਿਆ ਬਈ ਭਾਈ ਇਹ ਬਿੱਲ ਇਕੱਲੇ ਕਿਸਾਨ ਲਈ, ਸਾਰੇ ਵਰਗ ਦੇ ਲੋਕਾਂ ਲਈ ਓ ਖਤਰਨਾਰ ਸਾਬਿਤ ਹੋ ਸਕਦਾ। ਇਹਦੇ ਨਾਲ ਵਪਾਰੀਆਂ ਦਾ ਬੋਲਬਾਲਾ ਹੋ ਜੂ, ਤੇ ਹਰ ਚੀਜ ਦੀ ਕੀਮਤ ਮਨਮਰਜੀ ਨਾਲ ਲਾਇਆ ਕਰਨਗੇ। ਕਈ ਵਾਰ ਮਨ ਡਰਦਾ ਬਈ ਇਹ ਲੀਡਰਾਂ ਦਾ ਕਿਤੇ ਉਪਰਲਾ ਹੇਜ ਈ ਨਾ ਹੋਵੇ।

ਵੈਸੇ ਤਾਂ ਹੈਰਾਨੀ ਦੀ ਗੱਲ ਆ ਬਈ ਪੰਜਾਬ ਸਰਕਾਰ ਜੀਹਨੂੰ ਮਾਰਕੀਟ ਕਮੇਟੀਆਂ ਦੀ ਫੀਸ ਚੋਂ ਕਰੋੜਾਂ ਦਾ ਘਾਟਾ ਪੈ ਜਾਣਾ ਇਸ ਬਿੱਲ ਕਰਕੇ ਕਿਉਂ ਪਹਿਲਾਂ ਸੁੱਤੇ ਰਹੇ। ਜੇ ਕਮੇਟੀਆਂ ਨਾ ਰਹੀਆਂ ਤਾਂ ਪੰਜਾਬ ਦੇ ਦਿਹਾਤ ਦੀ ਜਿਹੜੀ ਮਾੜੀ ਮੋਟੀ ਤਰੱਕੀ ਹੁੰਦੀ ਆ ਉਹ ਵੀ ਠੱਪ ਹੋਜੂ। ਸਰਕਾਰਾਂ ਤਾਂ ਪਹਿਲਾਂ ਈ ਕੰਗਾਲੀ ਦੀ ਕਗਾਰ ਤੇ ਖੜੀਆਂ, ਪੈਸੇ ਪੈਸੇ ਲਈ ਸੈਂਟਰ ਦੇ ਹੱਥਾਂ ਵੱਲ ਝਾਕਦੀਆਂ ਨੇ। ਇਸ ਕਮਾਈ ਤੋਂ ਬਿਨਾਂ ਕੀ ਕਰਨਗੀਆਂ। ਕੁਦਰਤੀ ਸੋਮੇ ਤਾਂ ਆਪਾਂ ਪਹਿਲਾਂ ਈ ਲੁਟਾਈ ਬੈਠੇ ਆਂ, ਜੇ ਹੁਣ ਪੰਜਾਬ ਦੀ ਰੀੜ ਦੀ ਹੱਡੀ, ਕਿਰਸਾਨੀ ਵੀ ਖਤਮ ਹੋ ਗੀ ਤਾਂ ਫੇਰ ਪੰਜਾਬ ਦਾ ਤਾਂ ਰੱਬ ਈ ਰਾਖਾ।

ਅਸਲ ਚ ਹੁਣ ਵੀ ਕੋਈ ਸਹੀ ਗੱਲ ਨੀ ਕਰ ਰਿਹਾ, ਕੋਈ ਨੀ ਕਹਿ ਰਿਹਾ ਦੇ ਬਿੱਲ ਵਾਪਸ ਨਾ ਮੁੜੇ ਤਾਂ ਕਿਹੜੀਆਂ ਸੋਧਾਂ ਜਾਂ ਤਰਮੀਮਾਂ ਕਰਕੇ ਕਿਸਾਨ ਨੂੰ ਬਚਾਇਆ ਜਾ ਸਕਦਾ। ਇਹ ਨਾ ਹੋਵੇ ਬਈ ਸਮਝੌਤੇ ਦੀ ਮੇਜ ਤੇ ਬੈਠ ਕੇ ਫੇਰ ਮੂਹਰਲੇ ਲੀਡਰ ਆਪਣੀਆਂ ਕੁਰਸੀਆਂ ਪੱਕੀਆਂ ਕਰ ਜਾਣ। ਹੁਣ ਕੋਈ ਟਰੇਕਟਰ ਸਾੜੀ ਜਾਂਦਾ ਕੋਈ ਲੋਕਾਂ ਨੂੰ ਨਾਲ ਲੈਕੇ ਦਿੱਲੀ ਘੇਰਨ ਨੂੰ ਤੁਰਿਆ ਜਾਂਦਾ, ਅਸਲ ਚ ਤਾਂ ਭੋਲੇ ਭੰਡਾਰੇ ਕਿਸਾਨ ਨੂੰ ਸਮਝਣ ਦੀ ਲੋੜ ਆ ਬਈ ਉਹਦਾ ਇਹ ਸੰਘਰਸ਼ ਕਿਤੇ ਚੌਧਰੀਆਂ ਦੀ ਚੌਧਰ ਦੀ ਭੇਂਟ ਨਾ ਚੜ ਜੇ।

Have something to say? Post your comment