English Hindi November 25, 2020

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / " ਕਿਆ ਬਸੁ ਜਉ ਬਿਖੁ ਦੇ ਮਹਤਾਰੀ ।। "

October 02, 2020 08:05 PM

ਪਰਿਵਾਰ, ਸਮਾਜ ਅਤੇ ਦੇਸ਼ ਇੱਕ ਦੂਜੇ ਤੇ ਅਧਾਰਤ ਢਾਂਚਾ ਹੁੰਦਾ ਹੈ । ਪਰਿਵਾਰ ਇਸ ਸਮਾਜਿਕ, ਆਰਥਿਕ, ਤੇ ਰਾਜਨੀਤਕ ਢਾਂਚੇ ਦੀ ਮੁਢਲੀ ਇਕਾਈ ਹੁੰਦੀ ਹੈ । ਜਿਸ ਪਰਿਵਾਰ ਦਾ ਮੁਖੀ ਵਿਸ਼ੇਸ਼ ਤੌਰ ਤੇ ' ਮਾਂ ' ਸੁਚੱਜੀ ਹੋਵੇਗੀ ਉਹ ਪਰਿਵਾਰ ਸਰਵਪੱਖੀ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਂਹਦਾ ਹੈ । ਇਹੀ ਗੱਲ ਕਿਸੇ ਅਦਾਰੇ ਤੇ ਦੇਸ਼ ਪੱਧਰ ਉੱਤੇ ਲਾਗੂ ਹੁੰਦੀ ਹੈ ਤੇ ਵਿਕਾਸ ਜਾਂ ਵਿਨਾਸ ਸੁਚੱਜੀ ਜਾਂ ਕੁਚੱਜੀ ਅਗਵਾਈ ਤੇ ਨਿਰਭਰ ਹੁੰਦਾ ਹੈ । ਗੁਰੂ ਸਾਹਿਬ ਵੱਲੋਂ ' ਕੁਚੱਜੀ ' , ' ਸੁਚੱਜੀ ' ਤੇ ' ਗੁਣਵੰਤੀ ' ਦੇ ਕੀਤੇ ਵਰਗੀਕਰਨ ਅਨੁਸਾਰ ' ਗੁਣਵੰਤੀ ' ਹੋਣਾ ਤਾਂ ਸੋਨੇ ਤੇ ਸੁਹਾਗਾ ਹੋਣਾ ਹੁੰਦਾ ਹੈ ।

ਅੱਜ ਦੇਸ਼ ਭਰ ਵਿੱਚ ਚੌਤਰਫਾ ਨਿਘਾਰ ਚਰਮ ਸੀਮਾ ਤੱਕ ਪਹੁੰਚ ਚੁੱਕਾ ਹੈ । ਦੇਸ਼ ਦਾ ਸਮੱਚਾ ਪ੍ਰਬੰਧ ਹੀ ਰਸਾਤਲ ਵੱਲ ਜਾ ਰਿਹਾ ਹੈ । ਜਮਹੂਰੀ ਪ੍ਰਬੰਧ ਦੇ ਥੰਮ੍ਹ ਵਿਧਾਨਕ , ਕਾਰਜਕਾਰੀ, ਨਿਆਂ ਤੇ ਮੀਡੀਆ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ' ਨਾਗ ਵਲ ' ਵਿੱਚ ਫਸ ਚੁੱਕੇ ਹਨ । ਦਲਿਤਾਂ, ਘੱਟਗਿਣਤੀਆਂ, ਔਰਤਾਂ, ਬੁੱਧੀਜੀਵੀਆਂ ਤੇ ਜਬਰ ਇਸ ਹੱਦ ਤੱਕ ਵਧ ਚੁੱਕਾ ਹੈ ਕਿ ਉਹ ਜਬਰ ਜੁਲਮ ਦੇ ਖਿਲਾਫ਼ ਬੋਲਣ ਤੋਂ ਵੀ ਅਸਮਰਥ ਹੋ ਰਹੇ ਹਨ । ਇਸ ਅਣਐਲਾਨੀ ਐਮਰਜੈਂਸੀ ਅਧੀਨ ਦੇਸ਼ ਭਰ ਦੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ ਤੇ ਫਿਰਕੂ , ਫਾਸ਼ੀਵਾਦੀ ਤੇ ਬਲਾਤਕਾਰੀ ਤੱਤਾਂ ਨੂੰ ਖੁਲ੍ਹ ਖੇਡਣ ਦੇ ਪੂਰੇ ਮੌਕੇ ਮੁਹੱਈਆ ਕੀਤੇ ਜਾ ਰਹੇ ਹਨ । ਦੇਸ਼ ਭਰ ਦੀਆਂ ' ਕੰਜਕਾਂ ਤੇ ਕੋਮਲ ਕਲੀਆਂ ' ਨੂੰ ਅਖੌਤੀ ' ਰਾਮ ਰਾਜ ' ਦੌਰਾਨ ਸ਼ਰ੍ਹੇਆਮ ਮਧੋਲਿਆ ਜਾ ਰਿਹਾ ਹੈ । ਦੇਸ਼ ਦਾ ਸ਼ਾਸ਼ਨ, ਪਰਸ਼ਾਸ਼ਨ , ਨਿਆਂ ਪ੍ਰਬੰਧ ਤੇ ਮੀਡੀਆ ਕਾਰਪੋਰੇਟਾਂ ਲਈ ' ਲਾਲ ਗਲੀਚੇ ' ਵਿਛਾ ਰਿਹਾ ਹੈ ।

' ਖੁਲ੍ਹੀ ਮੰਡੀ ' ਰਾਹੀਂ ਖੇਤੀ ਜਿਣਸਾਂ ਦੀ ਲੁੱਟ, ਮਜਦੂਰ ਜਮਾਤ ਵੱਲੋਂ ਅਨੇਕਾਂ ਕੁਰਬਾਨੀਆਂ ਰਾਹੀਂ ਪ੍ਰਾਪਤ ਕੀਤੇ ਹੱਕ ਖੋਹਣ ਲਈ ' ਕਾਲੇ ' ਕਾਨੂੰਨ ਬਣਾਉਣ ਤੋਂ ਲੈ ਕੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਲਈ ਹਾਕਮ ਪੱਬਾਂ ਭਾਰ ਹੋਏ ਪਏ ਹਨ । ਡੰਕਲ ਤਜਵੀਜ਼ਾਂ, ਗੈਟ ਸਮਝੌਤੇ ਤੇ ਵਿਸ਼ਵ ਵਪਾਰ ਸੰਗਠਨ ਰਾਹੀਂ ਕੀਤੇ ਲੋਕ ਵਿਰੋਧੀ ਸਮਝੌਤਿਆਂ ਕਾਰਨ ਲੋਕਾਂ ਦੇ ਖੂਨ ਪਸੀਨੇ ਨਾਲ ਉਸਾਰਿਆ ਪਬਲਿਕ ਸੈਕਟਰ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ।

ਸਿੱਖਿਆ, ਸਿਹਤ, ਬਿਜਲੀ, ਟਰਾਂਸਪੋਰਟ, ਸੜਕਾਂ, ਹਵਾਈ ਖੇਤਰ ਤੇ ਰੇਲਵੇ ਵਰਗੇ ਅਦਾਰੇ ਵੀ ਵੇਚੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਖੇਤੀ ਖੇਤਰ ਵਿੱਚੋਂ ਬਾਹਰ ਧੱਕਣ ਲਈ ਦੇਸ਼ ਭਰ ਦੇ ਲੋਕਾਂ ਤੇ ਕਿਸਾਨਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਡਾਨੀਆਂ-ਅੰਬਾਨੀਆਂ ਤੇ ਕਾਰਪੋਰੇਟਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਲੋਕ ਵਿਰੋਧੀ ਨੀਤੀਆਂ ਦੀ ' ਕਾਨੂੰਨੀ ਛਤਰੀ ' ਮੁਹੱਈਆ ਕਰਵਾ ਦਿੱਤੀ ਗਈ ਹੈ । ਕਿਸਾਨਾਂ ਦੇ ਸਾਂਝੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਰਵਾਇਤੀ ਸਿਆਸੀ ਧਿਰਾਂ ਤੇ ਦਲਾਲ ਹਾਕਮ ਸਰਗਰਮ ਹੋ ਚੁੱਕੇ ਹਨ ਤੇ ਇੱਕ ਦੂਜੇ ਨਾਲ਼ੋਂ ਵਧ ਕੇ ਕਿਸਾਨਾਂ ਨਾਲ਼ ਹੇਜ਼ ਦਿਖਾਉਂਦੇ ਹੋਏ ਕਿਸਾਨ ਸੰਘਰਸ਼ ਦੇ ਬਰਾਬਰ ਅਖੌਤੀ ਅੰਦੋਲਨ ਕਰਨ ਦੇ ਡਰਾਮੇ ਕਰ ਰਹੇ ਹਨ ।

ਸਰਕਾਰ ਸਮੂਹ ਲੋਕਾਂ ਦੀ ' ਮਾਂ ' ਹੁੰਦੀ ਹੈ ਅਤੇ ਸਰਕਾਰਾਂ ਨੇ ਸਮੂਹ ਲੋਕਾਂ ਦੇ ਹਿੱਤਾਂ ਅਨੁਸਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਦੇਸ਼ ਦਾ ਸਰਵਪੱਖੀ ਵਿਕਾਸ ਕਰਨਾ ਹੁੰਦਾ ਹੈ । ਲੋਕ ਹਿਤਾਂ ਲਈ ਕੰਮ ਕਰਨ ਦੀ ਥਾਂ ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਲਈ ' ਪ੍ਰਾਪਰਟੀ ਡੀਲਰ ' ਦਾ ਕਾਰਜ ਕਰ ਰਹੀਆਂ ਹਨ ਤੇ ਆਪਣੀਆਂ ਹਿੱਸੇ ਪੱਤੀਆਂ ਲਈ ਦੇਸ਼ ਦੇ ਮਾਲ ਖਜ਼ਾਨੇ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦਲਾਲ ਸਰਮਾਏਦਾਰਾਂ ਨੂੰ ਲੁਟਾਏ ਜਾ ਰਹੇ ਹਨ । ' ਮਾਂ ' ਆਪਣੇ ਬੱਚਿਆਂ ਦੀ ਹਿਫਾਜ਼ਤ ਤੇ ਸੁਰੱਖਿਆ ਲਈ ਹਰ ਔਕੜ ਨਾਲ ਭਿੜਦੀ ਹੋਈ ਜਾਨ ਤੱਕ ਵਾਰ ਦਿੰਦੀ ਹੈ । ਦੇਸ਼ ਦੀ ਅਜੋਕੀ ਘੋਰ ਚਿੰਤਾਜਨਕ ਸਥਿਤੀ ਨੂੰ ' ਸ਼੍ਰੋਮਣੀ ਭਗਤ ਕਬੀਰ ਜੀ ' ਬਿਆਨਦੇ ਹੋਏ ਫੁਰਮਾਨ ਕਰਦੇ ਹਨ ਕਿ ਜੇਕਰ ਕੋਈ ' ਮਾਂ ' ਹੀ ਕਿਸੇ ਨੂੰ ਜ਼ਹਿਰ ਦੇ ਕੇ ਜਾਨ ਲੈਣ ਦੀ ਧਾਰ ਲਵੇ ਤਾਂ ਉਸ ਨੂੰ ਕੋਈ ਵੀ ਬਚਾ ਨਹੀਂ ਸਕਦਾ ਤੇ ਸਾਡੀਆਂ ਕਲਯੁੱਗੀ ਸਰਕਾਰਾਂ ਅਜਿਹੀਆਂ ਹੀ ਕਲਯੁੱਗੀ ਮਾਵਾਂ ਬਣ ਕੇ ਲੋਕਾਂ ਨੂੰ ਮਾਰਨ ਤੇ ਲੁੱਟਣ ਦਾ ਕਾਰਜ ਕਰਦੀਆਂ ਪ੍ਰਤੀਤ ਹੁੰਦੀਆਂ ਹਨ । ਭਗਤ ਜੀ ਦਾ ਪਾਵਨ ਵਚਨ ਹੈ,
" ਕਹੁ ਕਬੀਰ ਇੱਕ ਬੁਧਿ ਵੀਚਾਰੀ ।।
ਕਿਆ ਬਸੁ ਜਉ ਬਿਖੁ ਦੇ ਮਹਤਾਰੀ ।। "

ਨਿਰਪਾਲ ਸਿੰਘ ਜਲਾਲਦੀਵਾਲ

ਹਲਕਾ ਇੰਚਾਰਜ ,

ਲੋਕ ਇਨਸਾਫ਼ ਪਾਰਟੀ,

ਰਾਏਕੋਟ ।

Have something to say? Post your comment