English Hindi March 04, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਹਾਥਰੱਸ ਦੀ ਨਿਰਭਿਆ

October 03, 2020 06:51 AM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਮੈਨੂੰ ਭਾਵੇਂ ਬਾਹਰ ਰਹਿੰਦੀ ਨੂੰ ਕਈ ਦਹਾਕੇ ਹੋਗੇ ਪਰ ਫੇਰ ਵੀ ਜਦ ਜਨਮ ਭੂਮੀ ਚੋਂ ਕੋਈ ਦਿਲ ਹਿਲਾਊ ਖਬਰ ਸੁਣਦੀ ਆਂ ਤਾਂ ਮਨ ਉਦਾਸ ਹੋ ਜਾਂਦਾ। ਅੱਜਕੱਲ ਇੱਕ ਪਾਸੇ ਤਾਂ ਕਿਸਾਨ ਸੜਕਾਂ ਤੇ ਰੁਲ ਰਹੇ ਆ, ਆਪਣੇ ਵਿਰਸੇ, ਆਪਣੀ ਜਿੰਦਗੀ ਨੂੰ ਬਚਾਉਣ ਲਈ ਤੇ ਦੂਜੇ ਪਾਸੇ ਕੋਈ ਨਾ ਕੋਈ ਹੋਰ ਨਿਰਭਿਆ ਕਾਂਡ ਹੋ ਜਾਂਦਾ। ਅੱਜ ਸਮਝ ਚ ਆਇਆ ਬਈ ਸਾਡੀਆਂ ਪੂਰਵਜਾਂ ਆਪ ਈ ਢਿੱਡੋਂ ਜੰਮੀਆਂ ਨੂੰ ਕਿਉਂ ਮਾਰ ਦਿੰਦੀਆਂ ਸੀ। ਕਿਹੜੀ ਮਾਂ ਚਾਹੁੰਦੀ ਆ ਉਹਦੀ ਲਾਡਲੀ ਨੂੰ ਇਹੋ ਜਿਹੀ ਮੌਤ ਮਿਲੇ। ਆਪਣੇ ਤਾਂ ਹੈ ਈ ਤਕੜੇ ਦਾ ਸੱਤੀਂ ਵੀਹੀਂ ਸੌ, ਗਰੀਬ ਦੀ ਧੀ ਦੀ ਇੱਜਤ ਨੂੰ ਹੱਥ ਪਾਉਣਾ, ਫੇਰ ਬਚ ਕੇ ਨਿਕਲਣਾ ਤਾਂ ਅਮੀਰਾਂ ਦੇ ਸ਼ੌਕ ਰਹੇ ਆ।

ਹੁਣ ਤਾਂ ਆਪਣਾ ਦੇਸ਼ ਅਜਾਦ ਹੋਏ ਨੂੰ ਵੀ ਬਥੇਰੇ ਸਾਲ ਹੋਗੇ, ਕਹਿਣ ਨੂੰ ਸਭ ਬਰਾਬਰ ਆਂ, ਅਜਾਦ ਆਂ ਪਰ ਹਾਲੇ ਵੀ ਗਰੀਬਾਂ ਦੀ ਕਾਹਦੀ ਅਜਾਦੀ ਆ। ਕਈ ਇਲਾਕਿਆਂ ਚ ਤਾਂ ਉਹ ਠਾਕੁਰਾਂ ਦੇ ਘਰ ਮੂਹਰਦੀ ਜੁੱਤੀ ਪਾਕੇ ਵੀ ਲੰਘ ਨੀ ਸਕਦੇ। ਵਿਆਹ ਵੇਲੇ ਨੀਵੀਂ ਜਾਤ ਦਾ ਲਾੜਾ ਘੋੜੀ ਤੇ ਨੀ ਚੜ ਸਕਦਾ, ਕਈ ਤਾਂ ਰੱਬ ਦੇ ਘਰਾਂ ਚ ਵੀ ਉਹਨਾਂ ਨੂੰ ਅੰਦਰ ਵੜਨ ਦੀ ਇਜਾਜਤ ਹੈਨੀ। ਵੈਸੇ ਵੀ ਜਦ ਸਮਾਜਿਕ ਬਰਾਬਰਤਾ ਈ ਹੈਨੀ ਤਾਂ ਗਰੀਬ ਨੂੰ ਇਨਸਾਫ ਕਿੱਥੇ ਮਿਲਣਾ। ਵੱਡਿਆਂ ਘਰਾਂ ਦੇ ਕਾਕਿਆਂ ਨੂੰ ਬਚਾਉਣ ਲਈ ਤਾਂ ਸਰਕਾਰਾਂ, ਲੀਡਰ ਵੀ ਅੱਡੀ ਚੋਟੀ ਦਾ ਜੋਰ ਲਾ ਦਿੰਦੇ ਆ।

ਪਹਿਲਾਂ ਦਿੱਲੀ ਚ ਨਿਰਭਿਆ ਕਾਂਡ ਹੋਇਆ, ਫੇਰ ਕਠੂਆ ਕਾਂਡ ਹੋਇਆ ਤੇ ਹੁਣ ਉਹੀ ਨਿਰਦਇਤਾ ਨਾਲ ਹਾਥਰਸ ਕਾਂਡ ਹੋ ਗਿਆ। ਹੋਰ ਵੀ ਪਤਾ ਨੀ ਕਿੰਨੀਆਂ ਕੁ ਨਿਰਭਿਆ ਅਣਗੌਲੀਆਂ ਈ ਰਹਿ ਗਈਆਂ ਹੋਣਗੀਆਂ। ਬਹੁਤ ਵਾਰ ਤਾਂ ਮਾਂ ਬਾਪ ਚ ਲੜਨ ਦੀ ਸਮਰੱਥਾ ਈ ਨੀ ਹੁੰਦੀ ਜਾਂ ਚੁੱਪ ਕਰਕੇ ਬਦਨਾਮੀ ਦੇ ਡਰੋਂ ਜਰ ਲੈਂਦੇ ਆ, ਜਾਂ ਫੇਰ ਡੰਡੇ, ਪੈਸੇ ਦੇ ਜੋਰ ਚੁੱਪ ਕਰਵਾ ਦਿੱਤੇ ਜਾਂਦੇ ਆ। ਬਹੁਤ ਵਾਰ ਤਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਹਿਸਾਬ ਵੀ ਹੋ ਜਾਂਦਾ, ਜਦ ਅਪਰਾਧੀਆਂ ਦੀ ਬਜਾਏ ਦੁਖਆਰਿਆਂ ਨੂੰ ਈ ਕੇਸ ਪਾਕੇ ਠਾਣੇ ਡੱਕ ਦਿੰਦੇ ਆ।

ਕਈ ਵਾਰ ਤਾਂ ਲੱਗਦਾ ਇਹ ਕਿਹੜੀ ਅਜਾਦੀ ਆ ਜਿੱਥੇ ਇੱਕ ਮਾਂ ਬਾਪ ਨੂੰ ਆਪਣੀ ਧੀ ਦੀ ਚਿਤਾ ਨੂੰ ਅੱਗ ਲਾਉਣ ਦਾ ਵੀ ਹੱਕ ਨੀ ਮਿਲਿਆ। ਜੋ ਉਹਦੇ ਨਾਲ ਹੋਇਆ ਉਹ ਤਾਂ ਜੁਲਮ ਦੀ ਹੱਦ ਹੈ ਈ ਸੀ ਪਰ ਸਰਕਾਰਾਂ ਜਾਂ ਪੁਲੀਸ ਨੇ ਵੀ ਉਹਨਾਂ ਨਾਲ ਧੱਕਾ ਈ ਕਰਿਆ। ਮੰਨਦੀ ਆਂ ਕਈ ਵਾਰ ਇਹੋ ਜਿਹੇ ਹਾਲਾਤਾਂ ਚ ਸਖਤ ਫੈਸਲੇ ਲੈਣੇ ਪੈਂਦੇ ਆ ਪਰ ਰਾਤ ਦੇ ਹਨੇਰੇ ਚ ਈ ਅੰਤਮ ਸੰਸਕਾਰ ਕਰਕੇ ਸਬੂਤ ਮਿਟਾਉਣਾ, ਸ਼ਾਇਦ ਕਿਤੇ ਨਾ ਕਿਤੇ ਇਨਸਾਨੀਅਤ ਨੂੰ ਈ ਕਲੰਕਤ ਕਰ ਗਿਆ। ਕਹਿਣ ਨੂੰ ਕੰਨੂਨ ਸਭ ਲਈ ਬਰਾਬਰ ਆ ਪਰ ਅਸਲ ਚ ਤਾਂ ਕੰਨੂਨ ਅਮੀਰਾਂ ਦੀ ਰਖੇਲ ਆ, ਜਿਵੇਂ ਜੀ ਕਰਦਾ ਨਚਾਉਂਦੇ ਆ। ਗਰੀਬਾਂ ਕੋਲ ਤਾਂ ਕੋਰਟ ਕਚਹਿਰੀ ਜਾਣ ਦੇ ਸਾਧਨ ਈ ਨੀ ਹੁੰਦੇ, ਜੇ ਕੋਈ ਭੁੱਲਿਆ ਭਟਕਿਆ ਜਾ ਵੀ ਵੜੇ ਤਾਂ ਐਨੀ ਕੁ ਖੱਜਲ ਖੁਆਰੀ ਹੁੰਦੀ ਆ ਬਈ ਅਗਲੀਆਂ ਸੱਤ ਪੀਹੜੀਆਂ ਕਾਲੇ ਕੋਟ ਵਾਲਿਆਂ ਜਾਂ ਕੰਨੂਨ ਦੇ ਰਖਵਾਲਿਆਂ ਤੋਂ ਦੂਰ ਦੀ ਲੰਘਣਾ ਸਿੱਖ ਜਾਂਦੀਆਂ।

ਕਈ ਵਾਰ ਤਾਂ ਸੋਚਦੀ ਆਂ ਜੇ ਅਸੀਂ ਕੁੜੀਆਂ ਨੂੰ ਦੇਵੀਆਂ ਬਣਾ ਕੇ ਪੂਜਣ ਦੀ ਬਜਾਏ, ਉਹਨਾਂ ਨੂੰ ਸਿਰਫ ਇਨਸਾਨ ਈ ਸਮਝਣ ਲੱਗ ਜਾਈਏ ਤਾਂ ਹੋ ਸਕਦਾ ਇਹ ਮੰਦਭਾਗੀਆਂ ਘਟਨਾਵਾਂ ਨੂੰ ਕਿਤੇ ਠੱਲ ਪੈ ਈ ਜਾਵੇ ਪਰ ਅਸਲ ਚ ਤਾਂ ਜਦ ਤੱਕ ਸਾਡੀਆਂ ਸਰਕਾਰਾਂ, ਸਾਡੇ ਲੀਡਰ ਇਹੋ ਜਿਹੇ ਲੋਕਾਂ ਦੀ ਸਰਪਰਸਤੀ ਕਰਨੋਂ ਨੀ ਹੱਟਦੇ, ਇਹੋ ਜਿਹੀਆਂ ਘਟਨਾਵਾਂ ਨੂੰ ਕੋਈ ਨੀ ਰੋਕ ਸਕਦਾ।

Have something to say? Post your comment