English Hindi November 25, 2020

ਮੁੱਦੇ/ਮਸਲੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

October 11, 2020 04:35 PM

ਦੁਬਿਧਾ ਤੇ ਦੁਚਿੱਤੀ ਨੇ ਹਰ ਵਿਅਕਤੀ ਦੇ ਜੀਵਨ ਨੂੰ ਪਰੇਸ਼ਾਨ ਕੀਤਾ ਹੋਇਆ ਹੈ । ਹਰ ਬੰਦਾ ਹਰ ਸਮੇਂ ਕਈ ਕਿਸਮ ਦੀ ਮਾਨਸਿਕ ਉਧੇੜ- ਬੁਣ ਵਿੱਚ ਹੁੰਦਾ ਹੈ ਤੇ ਕਿਸੇ ਕਾਰਜ ਦੇ ਚੰਗੇ-ਮੰਦੇ ਪ੍ਰਭਾਵ ਵਿਚਾਰਦਾ ਹੈ । ਅਜਿਹਾ ਹੋਣਾ ਵੀ ਚਾਹੀਦਾ ਹੈ ਪਰ ਸਪਸ਼ਟ ਨਿਰਣਾ ਕਰਕੇ ਅੱਗੇ ਵਧਣਾ ਵੀ ਜਰੂਰੀ ਹੁੰਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ' ਘੜੀ ਦਾ ਘੁੱਥਾ ਸੌ ਕੋਹਾਂ ਤੇ ਜਾ ਪੈਂਦਾ ਹੈ '। ਇਹੀ ਗੱਲ ਸਿਆਸੀ ਖੇਤਰ ਵਿੱਚ ਵੀ ਲਾਗੂ ਹੁੰਦੀ ਹੈ ਜਿੱਥੇ ਪਲ ਪਲ ਸਥਿਤੀਆਂ ਤਬਦੀਲ ਹੁੰਦੀਆਂ ਹਨ । ਮਾਨਸਿਕ ਤੌਰ ਤੇ ਉਖੜੇ ਤੇ ਸਮੇਂ ਸਿਰ ਸਪਸ਼ਟ ਫੈਸਲੇ ਲੈਣ ਵਿੱਚ ਅਸਮਰਥ ਆਗੂ ਕਿੰਨੇ ਵੀ ਯੋਗ ਤੇ ਸਮਰਪਤ ਕਿਉਂ ਨਾ ਹੋਣ , ਸਿਆਸੀ ਪਿੜ ਵਿੱਚ ਪਛੜ ਜਾਂਦੇ ਹਨ ।

ਇਹੀ ਕੁੱਝ ਪੰਜਾਬ ਦੇ ਸਟਾਰ ਸਿਆਸੀ ਪਰਚਾਰਕ , ਸਟਾਰ ਕ੍ਰਿਕਟਰ, ਲਾਫਟਰ ਚੈਨਲਾਂ ਦੇ ਮਸਹੂਰ ਐਕਟਰ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾ ਕੇ ਦੁਨੀਆਂ ਭਰ ਦੇ ਪੰਜਾਬੀਆਂ ਦਾ ਦਿਲ ਜਿੱਤਣ ਵਾਲੇ ਨਵਜੋਤ ਸਿੰਘ ਸਿੱਧੂ ਨਾਲ਼ ਵਾਪਰ ਰਿਹਾ ਹੈ ਜਿਸ ਪਾਸ ' ਪੈਸੇ ਤੇ ਸਾਧਨਾਂ ' ਦੀ ਕਮੀ ਨਹੀਂ ਪਰ ਫੈਸਲੇ ਲੈਣ ਵਿੱਚ ' ਦੁਬਿਧਾ ਤੇ ਦੁਚਿੱਤੀ ' ਕਾਰਨ ਸਿਆਸੀ ਭੱਠੀ ਵਿੱਚ ਸੜ ਰਹੇ ਪੰਜਾਬ ਦੇ ਲੋਕਾਂ ਨੂੰ ਮੰਝਧਾਰ ਵਿੱਚ ਛੱਡ ਕੇ ' ਭੋਰੇ ' ਵਿੱਚ ਬਿਰਾਜਮਾਨ ਹਨ ਤੇ ਕਦੇ ਕਦਾਈਂ ' ਦਰਸ਼ਨ ' ਦੇ ਕੇ ਫਿਰ ਅਲੋਪ ਹੋ ਜਾਂਦੇ ਹਨ । ਅਜਿਹੀ ਅਧੋਗਤੀ ਨੂੰ ਹੀ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਬਾਖੂਬੀ ਪ੍ਰਗਟ ਕੀਤਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਘੋਰ ਅੰਧਕਾਰ ਭਰੇ ਸਮੇਂ ਦੌਰਾਨ ਧਾਰਮਿਕ ਆਗੂ ਤੇ ਜੋਗੀ ਲੁੱਟੀ ਤੇ ਨਪੀੜੀ ਜਾ ਰਹੀ ਲੋਕਾਈ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਸਮਾਧੀਆਂ ਲਗਾ ਬੈਠੇ ਹੋਏ ਸਨ । ਭਾਈ ਸਾਹਿਬ ਫੁਰਮਾਨ ਕਰਦੇ ਹਨ,
ਸਿਧੁ ਛਪਿ ਬੈਠੇ ਪਰਬਤੀ ਕਉਣੁ ਜਗਤੁ ਕਉ ਪਾਰ ਉਤਾਰਾ ।। "

ਅਕਾਲੀ-ਭਾਜਪਾ ਸਰਕਾਰ ਸਮੇਂ ਹੋ ਰਹੀ ਲੁੱਟ ਖਸੁੱਟ, ਮਾਫੀਆ ਗਰੋਹਾਂ ਦੀ ਦਹਿਸ਼ਤ ਤੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ 'ਬੇਅਦ ਬੀਆਂ ' ਕਾਰਨ ਲੋਕ ਤਰਾਹ ਤਰਾਹ ਕਰ ਰਹੇ ਸਨ ਤੇ ਚੰਗੀ ਤਰ੍ਹਾਂ ਪਰਖੇ ਕਾਂਗਰਸੀ ਹਾਕਮਾਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਸਨ । ਉਸ ਸਮੇਂ ਲੋਕ ਤੀਜੇ ਬਦਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਤੇ ਚਾਹੁੰਦੇ ਸਨ ਕਿ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਤੀਜੇ ਬਦਲ ਨਾਲ਼ ਜੁੜ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਪਰ ਸਿਆਸੀ ਗਿਣਤੀਆਂ ਮਿਣਤੀਆਂ ਵਿੱਚ ਉਲਝੇ ਸਿੱਧੂ ਨੇ ਪੰਜਾਬ ਦੇ ਲੋਕਾਂ ਦੀ ਥਾਂ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਦਲਾਲ ਕਾਂਗਰਸੀਆਂ ਨਾਲ਼ ਸਾਂਝ ਨੂੰ ਪਹਿਲ ਦਿੱਤੀ । ਜਿਸ ਤਰ੍ਹਾਂ ਉਨ੍ਹਾਂ ਨੂੰ ਭਾਜਪਾ ਨੇ ਵਰਤਿਆ ਸੀ ਉਸੇ ਤਰ੍ਹਾਂ ਕਾਂਗਰਸ ਨੇ ਸੱਤਾ ਲੈ ਕੇ ਸਿੱਧੂ ਨੂੰ ਖੁੱਡੇ ਲਗਾ ਕੇ ਘਰ ਬਿਠਾ ਦਿੱਤਾ ਤੇ ਪਹਿਲਾਂ ਵਾਂਗ ਲੋਕਾਂ ਦੀ ਲੁੱਟ ਖਸੁੱਟ ਜਾਰੀ ਰਹੀ ।

ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਸਥਿਤੀ ਅਤੇ ਦਲਿਤ ਵਿਦਿਆਰਥੀਆਂ ਦੇ ' ਕਥਿਤ ਵਜ਼ੀਫਾ ਘੋਟਾਲੇ ' ਵਿੱਚ ਫਸੀ ਹੋਈ ਪੰਜਾਬ ਸਰਕਾਰ ਦੇ ਵਿਰੁੱਧ ਸਿਆਸੀ ਵਿਰੋਧੀਆਂ ਤੋਂ ਬਿਨਾਂ ਆਪਣੇ ਹੀ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ , ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ। ਪੰਜਾਬ ਵਿੱਚ ਚੱਲ ਰਹੀਆਂ ਗੈਰ ਕਾਨੂੰਨੀ ਸ਼ਰਾਬ ਡਿਸਟਿਲਰੀਆਂ ਕਾਰਨ ਹੋ ਰਹੀ ਟੈਕਸ ਚੋਰੀ ਅਤੇ ਸਿਆਸੀ ਸਰਪ੍ਰਸਤੀ ਅਧੀਨ ਵਿਕ ਰਹੀ ਨਾਜ਼ਾਇਜ ਸ਼ਰਾਬ ਕਾਰਨ ਮਾਝੇ ਵਿੱਚ ਸੈਂਕੜੇ ਗਰੀਬ ਲੋਕਾਂ ਦੀਆਂ ਹੋਈਆਂ ਮੌਤਾਂ ਤੋਂ ਬਿਨਾਂ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਆਦਿ ਕਾਰਨ ਹਾਈਕਮਾਂਡ ਵੱਲੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸਾ ਕੁਮਾਰੀ ਦੀ ਥਾਂ ਨਵੇਂ ਨਿਯੁਕਤ ਕੀਤੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸਿੱਧੂ ਨੂੰ ਪਲੋਸ ਕੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਖੁੰਢਾ ਕਰਨ ਦਾ ਯਤਨ ਕੀਤਾ ਗਿਆ ਤੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਵਿੱਚ ਸਾਮਲ ਕੀਤਾ ਗਿਆ ਪਰ ਕੈਪਟਨ ਵੱਲੋਂ ਸਿੱਧੂ ਨੂੰ ਮੂੰਹ ਨਹੀਂ ਲਗਾਇਆ ਗਿਆ ।

ਬੁਰੀ ਤਰ੍ਹਾਂ ਨਿਰਾਸ਼ ਤੇ ਜ਼ਲੀਲ ਹੋਏ ਸਿੱਧੂ ਨੇ ਜਨਤਕ ਤੌਰ ਤੇ ਆਪਣਾ ਗੁੱਸਾ ਪ੍ਰਗਟ ਕਰਦਿਆਂ ਕੇਂਦਰ ਦੇ ਨਾਲ ਨਾਲ ਆਪਣੀ ਹੀ ਕਾਂਗਰਸ ਸਰਕਾਰ ਨੂੰ ਲੋਕ ਕਚਿਹਰੀ ਵਿੱਚ ਨੰਗਾ ਕਰ ਦਿੱਤਾ ਜਿਸ ਕਾਰਨ ਹਾਈਕਮਾਂਡ ਵੱਲੋਂ ਸਿੱਧੂ ਤੋਂ ਕਿਨਾਰਾ ਕਰ ਲਿਆ ਹੈ । ਇਸ ਲਈ ਵਾਰ ਵਾਰ ਜ਼ਲੀਲ ਹੋ ਕੇ ਤੇ ਬੱਚਿਆਂ ਵਾਂਗ ਰੁੱਸ ਕੇ ਘਰ ਬੈਠਣ ਦੀ ਥਾਂ ਸਿੱਧੂ ਨੂੰ ਆਪਣਾ ਸਿਆਸੀ ਮੰਚ ਉਸਾਰ ਕੇ ਪੱਕੇ ਇਰਾਦੇ ਤੇ ਮਜਬੂਤ ਇੱਛਾ ਸ਼ਕਤੀ ਰਾਹੀਂ ' ਭੋਰੇ ' ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਅਕਾਲੀ-ਕਾਂਗਰਸੀ ' ਉੱਤਰ ਕਾਟੋ ਮੈਂ ਚੜ੍ਹਾਂ ' ਦੀ ਖੇਡ ਨੂੰ ਬੰਦ ਕਰਨ ਲਈ ਹਮ ਖਿਆਲ ਸਿਆਸੀ ਤਾਕਤਾਂ ਨੂੰ ਇਕੱਠਾ ਕਰਕੇ ਨਵੀਂ ਪਹਿਲ ਕਦਮੀ ਕਰਨੀ ਚਾਹੀਦੀ ਹੈ ।

ਨਿਰਪਾਲ ਸਿੰਘ ਜਲਾਲਦੀਵਾਲ 
ਹਲਕਾ ਇੰਚਾਰਜ ,
ਲੋਕ ਇਨਸਾਫ਼ ਪਾਰਟੀ,
ਰਾਏਕੋਟ ।
ਮੋਬਾਈਲ ਨੰ: 94170 - 61740

Have something to say? Post your comment

ਮੁੱਦੇ/ਮਸਲੇ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ 

ਰਾਜ ਸਭਾ ਹੰਗਾਮਾ

ਅਕਾਲ ਤਖ਼ਤ ਸਾਹਿਬ ਵੱਲੋਂ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਨ 'ਤੇ ਲਾਈ ਪਾਬੰਦੀ ਦਾ ਸਵਾਗਤ

ਦੰਦ ਨਕਲੀ ਹੋਣਗੇ, ਪਰ ਅਣਖਾਂ ਅਸਲੀ ਨੇ