English Hindi March 04, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਮੇਰਾ ਰਾਜ

October 20, 2020 08:02 AM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਪਿਛਲੇ ਮਹੀਨੇ ਕੁ ਤੋਂ ਮੈਂ ਫੇਸ ਬੁੱਕ ਤੇ ਥੋੜੀ ਜਿਹੀ ਘੱਟ ਤਵੱਜੋ ਦੇ ਰਹੀ ਸੀ, ਲਿਖਣ ਦਾ ਵੀ ਰੁਝਾਨ ਘਟਿਆ ਸੀ ਤਾਂ ਕਈ ਘਰ ਦੇ ਸਰੋਤਿਆਂ ਤੇ ਦੋਸਤਾਂ ਮਿੱਤਰਾਂ ਨੇ ਪੁੱਛਿਆ ਵੀ, ਬਈ ਕੀ ਗੱਲ ਆ, ਠੀਕ ਐੰ। ਸਾਰਿਆਂ ਨੂੰ ਕਿਹਾ ਬਈ ਆਹ ਕਰੋਨਾ ਕਰਕੇ ਘਰ ਦੇ ਕੰਮ ਕਾਜ ਚ ਲੱਗੀ ਨੂੰ ਸਮਾਂ ਨੀ ਮਿਲਦਾ ਪਰ ਅਸਲੀਅਤ ਇਹ ਆ ਕਿ ਮੈਂ ਵੀ ਅੱਜਕੱਲ ਸਿਹਤ ਅਭਿਆਨ ਸ਼ੁਰੂ ਕੀਤਾ ਹੋਇਆ। ਬੇਟੀ ਤੇ ਗੁਰਪਰੀਤ ਨੇ ਤਾਂ ਕਰੋਨਾ ਵੇਲੇ ਤੋਂ ਈ ਸਵੇਰੇ ਸ਼ਾਮ ਲੰਮੀਆਂ ਚੌੜੀਆਂ ਸੈਰਾਂ ਦਾ ਕੰਮ ਸ਼ੁਰੂ ਕੀਤਾ ਸੀ। ਫੇਰ ਉਹਨਾਂ ਨੇ ਸੈਰ ਦੇ ਨਾਲ ਨਾਲ ਰੋਟੀ ਪਾਣੀ ਬੰਦ ਕਰਨ ਦੀ ਸਲਾਹ ਵੀ ਬਣਾ ਲੀ, ਕਹਿੰਦੇ ਅਨਾਜ, ਦਾਲਾਂ ਜਾਂ ਕਹਿ ਲੋ ਕਾਰਬੋਹਾਈਡਰੇਟਜ ਨੀ ਖਾਇਆ ਕਰਨੇ, ਕੀਟੋ ਡਾਈਟ ਸ਼ੁਰੂ ਕਰਨੀ ਆਂ। ਮੈਂ ਤਾਂ ਸ਼ੁਰੂ ਤੋਂ ਈ ਮੀਟ ਘੱਟ ਖਾਨੀ ਆਂ, ਇਸ ਕਰਕੇ ਆਪਾਂ ਤਾਂ ਆਪਣੀ ਰੋਟੀ ਪਕਾ ਕੇ ਖਾਂਦੇ ਰਹੇ। ਫੇਰ ਹੌਲੀ ਹੌਲੀ ਮੈਂ ਵੀ ਕੀਟੋ ਡਾਈਟ ਬਾਰੇ ਪੜਿਆ ਤਾਂ ਸੋਚਿਆ ਮਨਾਂ ਜਿਹੜੇ ਹਿਸਾਬ ਨਾਲ ਸ਼ੂਗਰ ਠੀਕ ਹੋਣ ਦੇ ਦਾਅਵੇ ਕਰ ਰਹੇ ਆ, ਕੀ ਪਤਾ ਮੇਰੀ ਸ਼ੂਗਰ ਵੀ ਠੀਕ ਹੋਜੇ।

ਮੈਂ ਪਿਛਲੇ ਦਸ ਕੁ ਸਾਲ ਤੋਂ ਸ਼ੂਗਰ ਦੀ ਮਰੀਜ ਆਂ, ਹਰ ਰੋਜ ਬਥੇਰਾ ਜਿੰਮ ਵਗੈਰਾ ਜਾਂਦੀ ਰਹੀ ਆਂ ਪਰ ਸ਼ੂਗਰ ਦੀ ਦਵਾਈ ਘਟਣ ਦੀ ਬਜਾਏ ਵੱਧ ਈ ਰਹੀ ਆ।ਪਹਿਲਾਂ ਇੱਕ ਗੋਲੀ ਲੈਂਦੀ ਸੀ ਤੇ ਹੁਣ ਦੋ ਗੋਲੀਆਂ ਲੈਨੀ ਆਂ , ਸ਼ੂਗਰ ਛਾਲਾਂ ਮਾਰ ਕੇ ਵੱਧ ਰਹੀ ਆ, ਲੱਗਦਾ ਬਈ ਛੇਤੀ ਟੀਕੇ ਤੇ ਕਰ ਦੇਣਗੇ। ਡਾਕਟਰ ਕਹਿੰਦੇ ਸੀ, ਸਾਰਾ ਦਿਨ ਥੋੜਾ ਥੋੜਾ ਖਾਈ ਜਾਹ, ਤੇ ਆਹ ਕੀਟੋ ਵਾਲੇ ਕਹਿੰਦੇ ਆ ਜੇ ਸ਼ੂਗਰ ਹਟਾਉਣੀ ਆਂ ਤਾਂ ਵਰਤ ਰੱਖ । ਚੰਗੀ ਫੈਟ, ਘਿਓ ਮੱਖਣ ਰੱਜ ਕੇ ਖਾਲਾ ਪਰ ਰੋਟੀ ਤੋਂ ਦੂਰ ਰਹਿ। ਪਹਿਲਾਂ ਤਾਂ ਵਾਹਵਾ ਡਰ ਲੱਗਿਆ ਬਈ ਇਹ ਸ਼ੂਗਰ ਹਟਾ ਕੇ ਹਾਰਟ ਅਟੈਕ ਨਾਲ ਮਰਵਾਉਣਗੇ। ਫੇਰ ਦਿਲ ਜਿਹਾ ਕਰੜਾ ਕਰਕੇ ਸੋਚਿਆ ਮਨਾਂ ਮਰਨਾ ਤਾਂ ਹੈ ਈ ਆ ਇੱਕ ਦਿਨ, ਵੇਖੀ ਜਾਊ, ਜਦ ਇਹਨਾਂ ਨੂੰ ਦੱਸਿਆ ਤਾਂ ਕਹਿੰਦੇ ਤੇਰੀ ਤਾਂ ਓਹੀ ਗੱਲ ਆ ਬਈ ਘਰ ਦਾ ਜੋਗੀ ਜੋਗ ਨਾਂ ਤੇ ਬਾਹਰਲਾ ਜੋਗੀ ਸਿੱਧ, ਚੱਲ ਦੇਰ ਆਈ ਦਰੁਸਤ ਆਈ, ਰੱਬ ਦਾ ਨਾਂ ਲੈਕੇ ਹੋਜਾ ਸ਼ੁਰੂ।

ਮੇਰੇ ਲਈ ਵਰਤ ਰੱਖਣ ਵਾਲੀ ਗੱਲ ਸਬ ਤੋਂ ਔਖੀ ਸੀ, ਮੈਂ ਕਦੇ ਜਿੰਦਗੀ ਚ ਵਰਤ ਨੀ ਰੱਖਿਆ। ਪਹਿਲੇ ਚਾਰ ਪੰਜ ਦਿਨ ਤਾਂ ਮੇਰਾ ਕਾਲਜਾ ਟੇਸ਼ਣ ਤੋਂ ਜਾ ਜਾ ਮੁੜਦਾ ਰਿਹਾ। ਸਵੇਰੇ ਚਾਹ ਦੀ ਗੜਬੀ ਪੀਣ ਵਾਲੀ ਹੁਣ ਇੱਕ ਕੱਪ ਕਾਲੀ ਚਾਹ ਦਾ ਪੀਕੇ ਸਾਰਦੀ ਆਂ। ਪਰ ਸ਼ੂਗਰ ਜਰੂਰ ਸਵੇਰੇ ਸ਼ਾਮ, ਰੋਟੀ ਤੋਂ ਪਹਿਲਾਂ ਪਿੱਛੋਂ ਮਿਣਦੀ ਰਹਿਨੀ ਆਂ, ਕੋਲ ਮਿੱਠੀਆਂ ਗੋਲੀਆਂ ਵੀ ਰੱਖਦੀ ਆਂ। ਪਹਿਲਾਂ ਸਵੇਰ ਵਾਲੀ ਗੋਲੀ ਛੱਡੀ ਸੀ, ਕੁੱਛ ਖਾਂਦੀ ਨੀ ਸੀ ਤਾਂ ਲੋੜ ਨੀ ਸੀ, ਹੁਣ ਦੋ ਕੁ ਹਫਤੇ ਤੋਂ ਕੋਈ ਦਵਾਈ ਨੀ ਲੈ ਰਹੀ, ਪਰ ਸ਼ੂਗਰ ਠੀਕ ਆ ਰਹੀ ਆ। ਇਹ ਨੀ ਕਹਿ ਸਕਦੀ ਬਈ ਮੇਰੀ ਸ਼ੂਗਰ ਠੀਕ ਹੋਗੀ, ਪਰ ਲੱਗਦਾ ਜੋ ਖਾ ਪੀ ਰਹੀ ਆਂ ਉਹ ਸ਼ਾਇਦ ਕੰਮ ਕਰ ਰਿਹਾ।

ਹੁਣ ਮੇਰਾ ਸਾਰਾ ਦਿਨ ਨਵੇਂ ਤੋਂ ਨਵੇਂ ਖਾਣੇ ਲੱਭਣ ਬਣਾਉਣ ਚ ਨਿੱਕਲ ਜਾਂਦਾ, ਕਦੇ ਨਾਰੀਅਲ ਦੇ ਆਟੇ ਤੇ ਕਦੇ ਜਵੀਂ ਦੇ ਸੂੜੇ ਦੀ ਰੋਟੀ ਬਣਾਉਣ ਦੀ ਕੋਸ਼ਿਸ਼ ਕਰਦੀ ਆਂ, ਕਿਉਂਕਿ ਰੋਟੀ ਬਰੈੱਡ ਤੋਂ ਬਿਨਾਂ ਸਬਰ ਨੀ ਆਉਂਦਾ। ਚੌਲ ਕਣਕ ਦਾਲਾਂ ਖਾ ਨੀ ਸਕਦੇ, ਬੱਸ ਅੱਜ ਕੱਲ ਤਾਂ ਕਦੇ ਮਿੱਸ ਕਦੇ ਹਿੱਟ ਵਾਲੀ ਗੱਲ ਹੋ ਰਹੀ ਆ। ਸਾਰਾ ਦਿਨ ਈ ਰਸੋਈ ਜਾਂ ਸ਼ਾਪਿੰਗ ਚ ਨਿੱਕਲ ਜਾਂਦਾ। ਘਰਵਾਲਿਆਂ ਨੇ ਗਰੁੱਪ ਚ ਰਲਾਉਣ ਵੇਲੇ ਇੱਕ ਖੰਮਣੀ ਜਿਹੀ ਵੀ ਗੁੱਟ ਤੇ ਬੰਨ ਤੀ, ਕਹਿੰਦੇ ਤੂੰ ਘੱਟ ਤੋਂ ਘੱਟ ਦਸ ਹਜਾਰ ਕਦਮ ਪੂਰੇ ਕਰਨੇ ਆਂ। ਬਾਹਰ ਜਾ ਨੀ ਸਕਦੀ, ਅਲਰਜੀ ਨਾਲ ਬੁਰਾ ਹਾਲ ਹੋ ਜਾਂਦਾ, ਬੱਸ ਘਰ ਚ ਈ ਕਮਲਿਆਂ ਵਾਂਗ ਭੱਜੀ ਫਿਰਦੀ ਰਹਿਨੀ ਆਂ, ਕਈ ਵਾਰ ਤਾਂ ਹਾਸਾ ਵੀ ਆਉਂਦਾ, ਲੱਗੂ ਕੱਲੀ ਓ ਛੂਹਣ ਛਲਾਈ ਖੇਡੀ ਜਾਨੀ ਆਂ।

ਵੈਸੇ ਹੁਣ ਇੱਕ ਗੱਲ ਸਮਝ ਆਈ ਆ ਬਈ ਮੈਂ ਸ਼ਾਇਦ ਕਦੇ ਭੁੱਖ ਲੱਗੀ ਤੋਂ ਰੋਟੀ ਖਾਧੀ ਓ ਨੀ , ਬੱਸ ਸੱਸ ਮੇਰੀ ਟਾਈਮ ਵੇਖ ਕੇ ਲੜੀ ਵਾਂਗੂ, ਘੜੀ ਦੇ ਟਾਈਮ ਨਾਲ ਈ ਰੋਟੀ ਖਾ ਲੈਂਦੀ ਸੀ। ਕੁੱਛ ਤਾਂ ਡਾਕਟਰਾਂ ਨੇ ਕਿਹਾ ਸੀ ਬਈ ਥੋੜਾ ਥੋੜਾ ਖਾਈ ਜਾਇਆ ਕਰ ਤੇ ਕੁੱਛ ਵੈਸੇ ਵੀ ਜੀਭ ਦਾ ਸੁਆਦ ਨੀ ਟਿਕਣ ਦਿੰਦਾ ਸੀ। ਜਦ ਵੀ ਰਸੋਈ ਚ ਵੜਦੀ ਸੀ, ਕੁੱਛ ਨਾ ਕੁੱਛ ਖਾ ਈ ਲੈਂਦੀ ਸੀ। ਹੁਣ ਸੋਚਦੀ ਆਂ ਚਲੋ ਜੇ ਇੰਨੀ ਕੁ ਤਕਲੀਫ ਸਹਿ ਕੇ ਅਰਾਮ ਆ ਜੇ ਤਾਂ ਵੀ ਮਹਿੰਗਾ ਨੀ, ਮੈਂ ਇਹ ਨੀ ਕਹਿ ਰਹੀ ਬਈ ਭਾਈ ਸਾਰੇ ਸ਼ੁਰੂ ਹੋਜੋ, ਪਹਿਲਾਂ ਇਹਦੇ ਬਾਰੇ ਪੜੋ, ਡਾਕਟਰ ਨੂੰ ਪੁੱਛੋ। ਕਈ ਵਾਰ ਕਈਆਂ ਲਈ ਮਾਂਹ ਵਾਦੀ ਤੇ ਕਈਆਂ ਲਈ ਸਵਾਦੀ ਵਾਲੀ ਗੱਲ ਵੀ ਹੁੰਦੀ ਆ, ਪਰ ਸ਼ਾਇਦ ਮੇਰੇ ਲਈ ਇਹ ਨੁਕਸਾ ਫਿਲਹਾਲ ਠੀਕ ਆ ਗਿਆ ਲੱਗਦਾ। ਬੱਸ ਇਹੀ ਮੇਰੇ ਰਾਜ ਦੀ ਕਹਾਣੀ ਆਂ।

Have something to say? Post your comment