English Hindi March 04, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਕਾੜਨੀ ਵਾਲਾ ਦੁੱਧ

October 23, 2020 09:27 AM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਪੰਜਾਬ ਦੇ ਵਿਆਹਾਂ ਚ ਗਾਉਣ ਵਾਲਾ ਗੀਤ ਹਾਰੇ ਦੁੱਧ ਕੜਾਂਦੀਏ ਨੀ ਉੱਤੇ ਆਈ ਆ ਮਲਾਈ, ਸਾਡੇ ਪੂਰੇ ਦੇ ਪੂਰੇ ਸੱਭਿਆਚਾਰ, ਸੁਭਾਅ, ਸ਼ੌਂਕ ਦਾ ਪਰਤੀਕ ਆ। ਵੈਸੇ ਵੀ ਦੁੱਧ ਦਹੀਂ ਸਾਡੇ ਸ਼ਗਨਾਂ ਸਾਡੀਆਂ ਅਸੀਸਾਂ ਚ ਇੱਕ ਖਾਸ ਥਾਂ ਰੱਖਦਾ। ਮੈਨੂੰ ਨੀ ਲੱਗਦਾ ਕੋਈ ਇਹੋ ਜਿਹਾ ਪਿੰਡਾਂ ਚ ਰਹਿਣ ਵਾਲਾ ਕੋਈ ਪੰਜਾਬੀ ਹੋਊ ਜਿਹਨੇ ਕਾੜਨੀ ਦਾ ਕੜਿਆ ਲਾਲ ਦੁੱਧ ਨਾ ਪੀਤਾ ਹੋਵੇ, ਜਾਂ ਕਾੜਨੀ ਤੋਂ ਲਾਹੀ ਮੋਟੀ ਮਲਾਈ ਨਾਲ ਰੋਟੀ ਨਾ ਖਾਧੀ ਹੋਵੇ। ਹਾਲੇ ਵੀ ਯਾਦ ਆ ਸ਼ਾਮ ਨੂੰ ਸਕੂਲੋਂ ਆਇਆਂ ਨੂੰ ਵੱਡਾ ਕਲਾਸ ਕਾੜਨੀ ਦੇ ਦੁੱਧ ਦਾ ਮਿਲਣਾ, ਉਸ ਵੇਲੇ ਸ਼ਾਇਦ ਉਸ ਦੁੱਧ ਦੀ ਐਨੀ ਕਦੇ ਕਦਰ ਨੀ ਸੀ ਕੀਤੀ ਪਰ ਹੁਣ ਕਈ ਵਾਰ ਚੇਤਿਆਂ ਚੋਂ ਨਿੱਕਲ ਕੇ ਉਹ ਲਾਲ ਕਾੜਨੀ ਦਾ ਦੁੱਧ ਸਾਹਮਣੇ ਆ ਖੜਦਾ ਤੇ ਬਹੁਤ ਜੀ ਕਰਦਾ ਜੇ ਕਿਤੇ ਮਿਲ ਜੇ।

ਵੈਸੇ ਤਾਂ ਹੁਣ ਪੰਜਾਬ ਦੇ ਪਿੰਡਾਂ ਚੋਂ ਵੀ ਕਾੜਨੀਆਂ, ਹਾਰੇ ਮਧਾਣੀਆਂ ਸਭ ਗਾਇਬ ਨੇ, ਕੀ ਕਹਿਣਾ ਕੋਈ ਇੱਕ ਅੱਧਾ ਵਿਰਲਾ ਘਰ ਬਚਿਆ ਹੋਵੇ ਜਿੱਥੇ, ਕੋਈ ਬੀਬੀ ਪਾਥੀਆਂ ਪਾ ਕੇ ਦੁੱਧ ਹਾਰੇ ਚ ਧਰਦੀ ਹੋਊ। ਹੌਲੀ ਹੌਲੀ ਮਿੱਠੀ ਮਿੱਠੀ ਪਾਥੀਆਂ ਦੀ ਧੁਖਦੀ ਅੱਗ ਤੇ ਪੱਕੇ ਲਾਲ ਦੁੱਧ ਦਾ ਆਪਣੀ ਈ ਸੁਆਦ ਹੁੰਦਾ ਸੀ। ਹੁਣ ਵੀ ਜਦ ਕਦੇ ਪੰਜਾਬ ਜਾਈਦਾ ਤਾਂ ਮੇਰੇ ਵਰਗੀ ਤਾਂ ਪਹਿਲਾਂ ਅਗਲੇ ਦੇ ਘਰ ਹਾਰਿਆਂ ਚੋਂ ਨਿੱਕਲਦਾ ਧੂੰਆਂ ਵੇਖਦੀ ਆ, ਪਰ ਅੱਜ ਕੱਲ ਸਮਾਂ ਬਦਲ ਗਿਆ, ਪਾਥਿਆਂ ਤੇ ਹਾਰਿਆਂ ਦੀ ਥਾਂ ਚਮਕਦੇ ਗੈਸ ਵਾਲੇ ਚੁੱਲੇ ਆ ਗੇ। ਵੈਸੇ ਵੀ ਮੱਝਾਂ ਗਾਈਆਂ ਕੋਈ ਰੱਖਦਾ ਨੀ, ਹਰ ਇੱਕ ਸੋਚਦਾ ਕਿਹੜਾ ਐਨਾ ਟਟਵੈਰ ਕਰੇ, ਸਾਨੂੰ ਤਾਂ ਦੋ ਕਿੱਲੋ ਦੁੱਧ ਨੀ ਮੁੱਕਦਾ। ਜੇ ਕੋਈ ਰੱਖਦਾ ਵੀ ਆ ਤਾਂ ਦੁੱਧ ਕਾੜਨੀਆਂ ਚ ਜਾਣ ਦੀ ਬਜਾਏ ਦੋਧੀਆਂ ਦੇ ਡਰੰਮਾਂ ਚ ਜਾ ਪੈਂਦਾ। ਲੋਕਾਂ ਦੀਆਂ ਮਜਬੂਰੀਆਂ, ਸ਼ੌਕ ਬਦਲ ਗੇ। ਪੰਜਾਬੀ ਜਿਹੜੇ ਦੁੱਧ, ਘਿਓ, ਦਹੀਂ ਮੱਖਣ ਖਾਣ ਲਈ ਮੰਨੇ ਜਾਂਦੇ ਸੀ, ਹੁਣ ਚਾਹ ਕਾਫੀ ਬਰਗਰ ਪੀਜਿਆਂ ਦੇ ਸ਼ੌਕੀਨ ਬਣਗੇ।

ਕਈ ਵਾਰ ਸੋਚਦੀ ਆਂ ਕਿ ਸਾਡੀ ਬਾਹਰ ਵਾਲਿਆਂ ਦੀ ਪੁਰਾਣੀਆਂ ਚੀਜਾਂ ਨਾਲ ਖਿੱਚ ਪਿਆਰ ਸ਼ਾਇਦ ਇਸ ਕਰਕੇ ਜਿਆਦਾ ਕਿਉਂਕਿ ਹੁਣ ਅਸੀਂ ਉਸ ਮਹੌਲ ਤੋਂ ਦੂਰ ਆਂ, ਤੇ ਸਾਡੀਆਂ ਯਾਦਾਂ ਉਸ ਵੇਲੇ ਦੇ ਪੰਜਾਬ ਦੀਆਂ ਈ ਨੇ, ਬਦਲੀਆਂ ਨੀ। ਉੱਥੇ ਵੀ ਬਦਲਦੇ ਸਮੇਂ ਨਾਲ ਬਹੁਤ ਕੁੱਛ ਬਦਲ ਗਿਆ ਪਰ ਸਾਨੂੰ ਉਹ ਕਾੜਨੀ ਦਾ ਦੁੱਧ, ਦਹੀਂ ਜਾਂ ਘਰ ਦਾ ਚਿੱਟਾ ਕੱਢਿਆ ਮੱਖਣ ਟਿਕਣ ਨੀ ਦਿੰਦਾ।

ਅੱਜਕੱਲ ਸਾਰੇ ਘਰੇ ਹੋਣ ਕਰਕੇ ਕਈ ਵਾਰ ਗੁਰਪਰੀਤ ਕਹਿ ਹਟੇ ਆ, ਕਿਵੇਂ ਨਾ ਕਿਵੇਂ ਹਾਰੇ ਵਾਲਾ ਦੁੱਧ ਬਣਾ। ਸੋਚਿਆ ਮਨਾਂ ਹਾਰੇ ਪਾਥੀਆਂ ਤਾਂ ਮੁਸ਼ਕਲ ਕੰਮ ਆ, ਫੇਰ ਸਕੀਮ ਲਾਈ ਬਈ ਕਿਉਂ ਨਾ ਸਲੋਅ ਕੁੱਕਰ ਚ ਧਰਕੇ ਵੇਖਾਂ। ਪਹਿਲੇ ਦਿਨ ਤਾਂ ਬਿੱਲੀ ਦੇ ਸਰਾਹਣੇ ਦੁੱਧ ਨਾ ਜੰਮਣ ਵਾਲੀ ਗੱਲ ਹੋਈ, ਬਾਰ ਬਾਰ ਢੱਕਣ ਚੱਕ ਚੱਕ ਦੁੱਧ ਵੇਖੀ ਗਈ, ਪਰ ਸ਼ਾਮ ਫੇਰ ਜਦ ਵੱਡਾ ਕੱਪ ਭਰ ਕੇ ਲਾਲ ਦੁੱਧ ਦਾ ਪੀਤਾ ਤਾਂ ਜਿੰਦਗੀ ਦਾ ਸੁਆਦ ਈ ਆ ਗਿਆ। ਹੁਣ ਤਾਂ ਹਰ ਰੋਜ ਦੀ ਗੱਲ ਈ ਬਣ ਗੀ, ਹਫਤੇ ਚ ਦੋ ਵਾਰ ਦੁੱਧ ਕਾੜਕੇ ਬਣਾ ਲਈਦਾ ਫੇਰ ਬੋਤਲਾਂ ਚ ਭਰਕੇ ਫਰਿੱਜ ਚ ਰੱਖ ਲੈਨੇ ਆਂ। ਪਰ ਇੱਕ ਗੱਲ ਆ ਏਥੇ ਦੁੱਧ ਤੇ ਮੋਟੀ ਮਲਾਈ ਨੀ ਆਉਂਦੀ ।ਹੁਣ ਉਹਦਾ ਵੀ ਇਲਾਜ ਸੋਚਿਆ, ਬਈ ਅਗਲੀ ਵਾਰ ਨੂੰ ਬਿਨਾਂ ਹੋਮੋਜਿਨਾਈਜ ਕੀਤਾ ਦੁੱਧ ਲਿਆ ਕੇ ਹਾਰੇ ਧਰਨਾ। ਫੇਰ ਸ਼ਾਇਦ ਘਰ ਦਾ ਮੱਖਣ ਵੀ ਬਣਨ ਲੱਗ ਜਾਵੇ। ਅਸਲ ਚ ਮੇਰਾ ਕੰਮ ਵੀ ਵਿਹਲੀ ਜੱਟੀ ਉੱਨ ਵੇਲੇ ਵਾਲਾ ਈ ਆ, ਪਰ ਕਹਿੰਦੇ ਹੁੰਦੇ ਆ ਸ਼ੌਕ ਦਾ ਕੋਈ ਮੁੱਲ ਨੀ ਹੁੰਦਾ, ਬੱਸ ਮੈਂ ਵੀ ਪੁੱਠੇ ਸਿੱਧੇ ਕੰਮ ਕਰਕੇ ਸ਼ੌਕ ਪੂਰੇ ਕਰੀ ਜਾਨੀ ਆਂ।

Have something to say? Post your comment