ਨਵੀਂ ਦਿੱਲੀ, 24 ਅਕਤੂਬਰ
ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਅੱਜ ਇੱਥੋਂ ਦੇ ਇਕ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾ ਕੇ ਸਿੱਖ ਰੀਤਾਂ ਅਨੁਸਾਰ ਵਿਆਹ ਬੰਧਨ ਵਿੱਚ ਬੱਝ ਗਏ ਹਨ।
ਵਿਆਹ ਦੇ ਜਸ਼ਨਾਂ ਮੌਕੇ ਦੋਵੇਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ। ਨੇਹਾ ਨੇ ਗੁਲਾਬੀ ਰੰਗ ਦਾ ਲਹਿੰਗਾ-ਚੋਲੀ ਪਹਿਨਿਆ ਹੋਇਆ ਸੀ ਅਤੇ ਇਸੇ ਰੰਗ ਦਾ ਦੁਪੱਟਾ ਲੈ ਰੱਖਿਆ ਸੀ ਜਦਕਿ ਰੋਹਨਪ੍ਰੀਤ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਹੋਰ ਮਹਿਮਾਨਾਂ ਨੇ ਵੀ ਹਲਕੇ ਗੁਲਾਬੀ ਰੰਗ ਦੀਆਂ ਪੱਗਾਂ ਸਜਾਈਆਂ ਹੋਈਆਂ ਸਨ। ਇਸੇ ਤਰ੍ਹਾਂ ਹਲਦੀ-ਮਹਿੰਦੀ ਦੀ ਰਸਮ ਸਮੇਂ ਨੇਹਾ ਅਤੇ ਰੋਹਨ ਨੇ ਹਰੇ ਤੇ ਸੁਨਹਿਰੀ ਰੰਗ ਦੇ ਇਕ-ਦੂਜੇ ਨਾਲ ਮੇਲ ਖਾਂਦੇ ਕੱਪੜੇ ਪਾਏ ਹੋਏ ਸਨ।
ਇਸ ਜੋੜੇ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਸਾਈਟਾਂ 'ਤੇ ਦੋਹਾਂ ਨੂੰ ਨਵੇਂ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਦੋਹਾਂ ਦੇ ਵਿਆਹ ਦੀਆਂ ਰਸਮਾਂ ਨਾਲ ਸਬੰਧਤ ਵੀਡੀਓ ਵੱਡੀ ਪੱਧਰ 'ਤੇ ਲੋਕਾਂ ਵੱਲੋਂ ਦੇਖੇ ਗਏ ਹਨ।
- ਡੈਸਕ