ਅੱਗੇ ਆਮ ਈ ਬਜੁਰਗਾਂ ਤੋਂ ਕਹਾਵਤ ਸੁਣਨੀ, ਬਈ ਧੀ ਜੰਮੀ ਭੈਣ ਵਿੱਸਰੀ, ਭੂਆ ਕੀਹਦੇ ਚਿੱਤ, ਤਾਂ ਸੋਚਣਾ ਇਹ ਕਿਵੇਂ ਹੋ ਸਕਦਾ, ਨਵੇਂ ਰਿਸ਼ਤੇ ਬਣਨ ਨਾਲ ਪੁਰਾਣੇ ਰਿਸ਼ਤੇ ਬਦਲ ਥੋੜਾ ਜਾਂਦੇ ਆ। ਪਰ ਹੁਣ ਸੋਚਦੀ ਆਂ ਸ਼ਾਇਦ ਸਮੇਂ ਨਾਲ ਰਿਸ਼ਤਿਆਂ ਚ ਦੂਰੀ ਆਉਣੀ ਵੀ ਸੁਭਾਵਿਕ ਈ ਆ, ਜਿਵੇਂ ਪੁਰਾਣੇ ਪੱਤਿਆਂ ਦਾ ਝੜਨਾ ਲਾਜਮੀ ਆ ਓਵੇਂ ਈ ਪੁਰਾਣੇ ਰਿਸ਼ਤਿਆਂ ਦਾ ਨਵਿਆਂ ਲਈ ਥਾਂ ਬਣਾਉਣਾ। ਸਮੇਂ ਨਾਲ ਘਰਾਂ ਚ ਰਾਜ ਪਲਟੇ ਆ ਜਾਂਦੇ ਆ, ਮਾਂ ਜਾਂ ਭਰਜਾਈ ਦੀ ਥਾਂ ਭਤੀਜੇ ਭਤੀਜ ਨੂੰਹਾਂ ਦਾ ਰਾਜ ਆ ਜਾਂਦਾ ਤਾਂ ਭੂਆ ਆਪੇ ਈ ਸੱਤ ਬਿਗਾਨੀ ਬਣ ਜਾਂਦੀ ਆ। ਪਹਿਲਾਂ ਲੱਗਦਾ ਹੁੰਦਾ ਸੀ ਬਈ ਜਦ ਭੂਆ ਆਪਣੇ ਘਰ ਚ ਈ ਆਕੇ ਪਰਾਹੁਣੀ ਬਣਦੀ ਆ ਤਾਂ ਕੀ ਸੋਚਦੀ ਹੋਊ, ਕੀ ਉਹਦੇ ਦਿਲ ਤੇ ਬੀਤਦੀ ਹੋਊ ਪਰ ਹੁਣ ਆਪ ਭੂਆ ਬਣ ਕੇ ਲੱਗਦਾ ਸ਼ਾਇਦ ਸਮੇਂ ਨਾਲ ਅਸੀਂ ਸਾਰੇ ਈ ਬਦਲ ਜਾਨੇ ਆਂ। ਭੂਆ ਆਪਣੇ ਘਰ ਦੇ ਮੋਹ ਚ ਰਚ ਮਿਚ ਜਾਂਦੀ ਆ ਤੇ ਭਰਾ ਭਰਜਾਈਆਂ ਆਪਣੇ।
ਸਮੇਂ ਨਾਲ ਸਾਡੇ ਰਿਸ਼ਤੇ ਜਾਂ ਸੋਚ ਬਦਲਣੀ ਤਾਂ ਵੈਸੇ ਵੀ ਕੁਦਰਤੀ ਆ ਪਰ ਕਈ ਵਾਰ ਸਾਡੇ ਨਾ ਮਿਲਣ ਵਰਤਣ ਕਰਕੇ ਵੀ ਕਈ ਰਿਸ਼ਤੇ ਸਮੇਂ ਦੀ ਗਰਦ ਚ ਪਿੱਛੇ ਲੁਕ ਜਾਂਦੇ ਆ। ਅਸਲ ਚ ਰਿਸ਼ਤੇ ਤਾਂ ਵਰਤਣ ਨਾਲ ਈ ਹੁੰਦੇ ਆ, ਭੂਆ ਤਾਂ ਕੋਈ ਦੂਰ ਦਾ ਰਿਸ਼ਤਾ ਨੀ ਹੁੰਦਾ। ਉਹ ਵੀ ਸਾਡੇ ਘਰ ਦੀ ਜੰਮੀ ਜਾਈ ਹੁੰਦੀ ਆ। ਮੇਰੀ ਨਾਨੀ ਨੇ ਹਮੇਸ਼ਾ ਕਹਿਣਾ ਬਈ ਰਿਸ਼ਤਿਆਂ ਦੀ ਤਾਂ ਫੁੱਲਾਂ ਵਰਗੀ ਆਬਰੂ ਹੁੰਦੀ ਆ, ਇਹ ਤਾਂ ਥੋੜੀ ਜਿਹੀ ਹਿੜਕ ਝਿੜਕ ਨਾਲ ਈ ਕੁਮਲਾ ਜਾਂਦੇ ਆ। ਜੇ ਅਸੀਂ ਇੱਕ ਗੱਲ ਸਮਝ ਲਈਏ ਬਈ ਜੋ ਮਾਣ ਸਤਿਕਾਰ ਜਾਂ ਪਿਆਰ ਅਸੀਂ ਦੂਜਿਆਂ ਕੋਲੋਂ ਆਪਣੇ ਲਈ ਭਾਲਦੇ ਆਂ , ਜੇ ਦੂਜਿਆਂ ਨੂੰ ਅਸੀਂ ਦੇਈ ਜਾਈਏ ਤਾਂ ਸਾਡੇ ਰਿਸ਼ਤਿਆਂ ਚ ਕਦੇ ਫਿੱਕ ਨੀ ਪੈਂਦੀ। ਅਸਲ ਚ ਕਈ ਵਾਰ ਅਸੀਂ ਰਿਸ਼ਤਿਆਂ ਚ ਇੱਜਤ ਜਾਂ ਪਿਆਰ ਆਪਣੇ ਹੱਕ ਜਾਂ ਜੋਰ ਤੇ ਮੰਗਦੇ ਆਂ , ਬਈ ਮੈਂ ਵੱਡੇ ਥਾਂ ਤੇ ਆਂ ਪਰ ਭੁੱਲ ਜਾਨੇ ਆਂ ਕਿ ਰਿਸ਼ਤਿਆਂ ਚ ਤਾਂ ਜਿੰਨਾ ਗੁੜ ਪਾਵਾਂਗੇ ਉਨਾਂ ਈ ਮਿੱਠਾ ਹੋਣਾ।
ਹੁਣ ਵੀ ਜਦ ਕਦੇ ਮੈਂ ਕਿਸੇ ਭੂਆ ਬਾਰੇ ਸੋਚਦੀ ਆਂ ਤਾਂ ਮੈਨੂੰ ਬੂਟੀਆਂ ਵਾਲੇ ਝੋਲੇ ਫੜੀ, ਛੀਂਟ ਦੇ ਸੂਟਾਂ ਤੇ ਮਲਮਲ ਦੀਆਂ ਚੁੰਨੀ ਵਾਲੀਆਂ ਭੂਆ ਈ ਯਾਦ ਆਉਂਦੀਆਂ। ਮੇਰੇ ਆਪਣੇ ਤਾਂ ਕੋਈ ਭੂਆ ਹੈਨੀ ਸੀ ਪਰ ਬਚਪਨ ਚ ਹੋਰ ਜੁਆਕਾਂ ਨਾਲ ਭੂਆ ਦਾ ਝੋਲਾ ਫੜਨ ਭੱਜ ਕੇ ਜਾਣਾ ਹਾਲੇ ਵੀ ਯਾਦ ਆ। ਭੂਆ ਨੂੰ ਪਿੰਡ ਦੇ ਹਰੇਕ ਬੰਦੇ ਨੇ ਬੁਲਾਉਣਾ, ਸਿਰ ਤੇ ਹੱਥ ਧਰ ਕੇ ਉਹਦੀ ਖੈਰ ਸੁੱਖ ਪੁੱਛਣੀ। ਸ਼ਾਇਦ ਉਹਨਾਂ ਵੇਲਿਆਂ ਚ ਪਿੰਡ ਦੀ ਧੀ ਧਿਆਣੀ ਵਾਕਈ ਸਾਰੇ ਪਿੰਡ ਦੀ ਧੀ ਹੁੰਦੀ ਸੀ ਤੇ ਲੋਕ ਕੁੜੀਆਂ ਨਾਲ ਸ਼ਰੀਕਾ ਨੀ ਸੀ ਕਰਦੇ।
ਹੁਣ ਜਮਾਨਾ ਬਦਲ ਗਿਆ , ਹੁਣ ਤਾਂ ਭੂਆ ਵੀ ਕਾਰ ਦੀ ਬਾਰੀ ਵਿਹੜੇ ਚ ਆਕੇ ਈ ਖੋਲਦੀ ਆ। ਵੈਸੇ ਵੀ ਸਾਡੇ ਰਿਸ਼ਤੇ ਮਤਲਬੀ ਜਿਹੇ ਬਣਦੇ ਜਾਂਦੇ ਆ। ਕਈ ਵਾਰ ਤਾਂ ਜਦ ਭੈਣ ਭਰਾਵਾਂ ਨੂੰ ਜਮੀਨ ਜਾਇਦਾਦਾਂ ਪਿੱਛੇ ਕੋਰਟ ਕਚਹਿਰੀਆਂ ਚ ਲੜਦੇ ਵੇਖਦੀ ਆਂ ਤਾਂ ਲੱਗਦਾ ਅੱਜਕੱਲ ਹਰ ਪਾਸੇ ਪੈਸਾ ਈ ਪਰਧਾਨ ਆ। ਮੰਨਦੀ ਆਂ ਪੈਸਾ ਜਿੰਦਗੀ ਦੀ ਲੋੜ ਆ ਪਰ ਪੈਸੇ ਲਈ ਆਪਣੇ ਈ ਖੂਨ ਨਾਲ ਦੁਸ਼ਮਣੀ ਕਰਨੀ ਕੁੱਛ ਠੀਕ ਜਿਹਾ ਨੀ ਲੱਗਦਾ। ਮੈਨੂੰ ਲੱਗਦਾ ਕਿ ਸਾਡੀ ਜਿੰਦਗੀ ਚ ਆਉਣ ਵਾਲੀ ਨੀਰਸਤਾ ਜਾਂ ਮਾਨਸਿਕ ਤਣਾਅ ਲਈ ਵੀ ਕਿਤੇ ਨਾ ਕਿਤੇ ਸਾਡਾ ਰਿਸ਼ਤੇ ਨਾਤਿਆਂ ਤੋਂ ਦੂਰ ਹੋਣਾ ਈ ਆ।