ਭਾਰਤੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੁੰਬਈ, 21 ਨਵੰਬਰ
ਕਾਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਐੱਨਸੀਬੀ ਨੇ ਅੱਜ ਸਵੇਰੇ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ। ਕੇਂਦਰੀ ਏਜੰਸੀ ਦੀ ਇਹ ਕਾਰਵਾਈ ਹਿੰਦੀ ਫ਼ਿਲਮ ਸਨਅਤ ਵਿਚ ਕਥਿਤ ਡਰੱਗ ਦੀ ਵਰਤੋਂ ਬਾਰੇ ਹੋ ਰਹੀ ਜਾਂਚ ਨਾਲ ਜੁੜੀ ਹੋਈ ਸੀ। ਭਾਰਤੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਏਜੰਸੀ ਨੂੰ ਤਲਾਸ਼ੀ ਦੌਰਾਨ 86.5 ਗਰਾਮ ਗਾਂਜਾ ਬਰਾਮਦ ਹੋਇਆ ਹੈ। ਐਨਸੀਬੀ ਨੇ ਕਿਹਾ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਬਾਰੇ ਮੰਨ ਲਿਆ ਹੈ। ਭਾਰਤੀ ਸਿੰਘ ਨੂੰ ਐਨਡੀਪੀਐੱਸ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ ਤੇ ਹਰਸ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਸੀਬੀ ਨੇ ਕਿਹਾ ਕਿ ਐਕਟ ਤਹਿਤ ਭਾਰਤੀ ਕੋਲੋਂ ਬਰਾਮਦ ਗਾਂਜਾ 'ਕਾਫ਼ੀ ਘੱਟ ਹੈ', ਇਹ 'ਵਪਾਰਕ ਮਾਤਰਾ' ਵਿਚ ਨਹੀਂ ਹੈ। ਹਜ਼ਾਰ ਗਰਾਮ ਤੱਕ ਬਰਾਮਦ ਗਾਂਜਾ ਘੱਟ ਮਾਤਰਾ ਵਿਚ ਮੰਨਿਆ ਜਾਂਦਾ ਹੈ। ਕਾਨੂੰਨ ਮੁਤਾਬਕ ਇਸ ਲਈ ਛੇ ਮਹੀਨੇ ਤੱਕ ਦੀ ਕੈਦ ਜਾਂ ਦਸ ਹਜ਼ਾਰ ਦਾ ਜੁਰਮਾਨਾ ਅਤੇ ਦੋਵੇਂ ਵੀ ਹੋ ਸਕਦੇ ਹਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦਾ ਨਾਂ ਪੁੱਛਗਿੱਛ ਦੌਰਾਨ ਡਰੱਗ ਤਸਕਰ ਨੇ ਲਿਆ ਸੀ। ਏਜੰਸੀ ਨੇ ਮੁੰਬਈ ਵਿਚ ਦੋ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਹੈ।
ਐੱਨਸੀਬੀ ਨੇ ਖਾਰ-ਡੰਡਾ ਤੱਟੀ ਇਲਾਕੇ 'ਚ ਛਾਪੇ ਮਾਰੇ ਸਨ ਤੇ ਨਸ਼ਾ ਵੇਚਣ ਵਾਲੇ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਹਾਸਲ ਸੂਚਨਾ ਦੇ ਅਧਾਰ 'ਤੇ ਐਨਸੀਬੀ ਨੇ ਹੋਰਨਾਂ ਥਾਵਾਂ ਉਤੇ ਵੀ ਛਾਪੇ ਮਾਰੇ ਜਿਨ੍ਹਾਂ ਵਿਚ ਭਾਰਤੀ-ਹਰਸ਼ ਦਾ ਦਫ਼ਤਰ ਤੇ ਘਰ ਸ਼ਾਮਲ ਸਨ। ਇਸ ਤੋਂ ਬਾਅਦ ਦੋਵਾਂ ਨੂੰ ਜਾਂਚ ਲਈ ਐਨਸੀਬੀ ਦਫ਼ਤਰ ਸੱਦਿਆ ਗਿਆ ਸੀ। ਪੰਜ ਘੰਟੇ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਭਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- ਏਜੰਸੀਆਂ