English Hindi April 21, 2021

ਸੰਪਾਦਕੀ / ਟਿੱਪਣੀ / ਮਹਿਮਾਨ ਕਾਲਮ

ਮਹਿਮਾਨ ਕਾਲਮ / ਸਾਡਾ ਚਾਚਾ

November 22, 2020 09:38 AM
ਲੇਖਿਕਾ ਬਲਜੀਤ ਬਰਾੜ ( ਆਸਟਰੇਲੀਆ)

ਵੈਸੇ ਤਾਂ ਸਭ ਨੂੰ ਈ ਪਤਾ ਬਈ ਇਹ ਦੁਨੀਆਂ ਤਾਂ ਚਲੋ ਚਲੀ ਦਾ ਮੇਲਾ ਈ ਆ, ਜਦ ਕਿਸੇ ਦੀ ਵਾਰੀ ਆਗੀ ਕੋਈ ਨੀ ਰੋਕ ਸਕਦਾ ਪਰ ਫੇਰ ਵੀ ਜਦ ਕੋਈ ਆਪਣਾ ਜਾਂਦਾ ਤਾਂ ਮਨ ਬੜਾ ਦੁਖੀ ਹੁੰਦਾ। ਉਸ ਇਨਸਾਨ ਨਾਲ ਜੁੜੀਆਂ ਸਾਡੀਆਂ ਯਾਦਾਂ ਜਾਂ ਸਾਡੇ ਪਿਆਰ ਦੀ ਸਾਂਝ ਸਾਨੂੰ ਰਹਿ ਰਹਿ ਯਾਦ ਆਉਂਦੀ ਆ। ਕਿਤੇ ਨਾ ਕਿਤੇ ਮੁੜ ਨਾ ਮਿਲਣ ਦਾ ਅਹਿਸਾਸ ਸਾਨੂੰ ਉਦਾਸ ਕਰ ਜਾਂਦਾ। ਕਈ ਵਾਰ ਤਾਂ ਲੱਗਦਾ ਬਈ ਜਦ ਕੋਈ ਤੁਰਿਆ ਫਿਰਦਾ , ਆਪਣੀ ਕਿਰਿਆ ਸੋਧਦਾ ਤੁਰ ਜੇ ਤਾਂ ਉਹ ਕਰਮਾ ਭਾਗਾਂ ਵਾਲਾ ਈ ਹੁੰਦਾ।

ਸਾਡੇ ਚਾਚਾ ਜੀ ਹਰਬੰਸ ਸਿੰਘ ਵੀ ਕੁੱਛ ਦਿਨ ਪਹਿਲਾਂ ਇਸ ਦੁਨੀਆਂ ਨੂੰ ਛੱਡ ਕੇ ਤੁਰ ਗਏ। ਬੜਾ ਕਾਮਾ ਚਾਚਾ ਸੀ ਸਾਡਾ, ਸਾਰੀ ਉਮਰ ਈ ਬਹੁਤ ਕੰਮ ਕੀਤਾ। ਕੱਕੇ ਰੇਤੇ ਵਾਲੀ ਰੱਕੜ ਜਾਂ ਦਰਿਆ ਦੇ ਢਾਹੇ ਮੰਡ ਨੂੰ ਦਿਨ ਰਾਤ ਇੱਕ ਕਰਕੇ ਅਬਾਦ ਕਰਨ ਵਾਲਾ ਸਾਡਾ ਚਾਚਾ , ਹੁਣ ਆਪਣੇ ਹਰੇ ਭਰੇ ਪਰਵਾਰ ਨੂੰ ਅਲਵਿਦਾ ਕਹਿ ਕੇ ਸਾਡੀ ਚਾਚੀ ਕੋਲ ਪਹੁੰਚ ਗਿਆ। ਵੈਸੇ ਵੀ ਚਾਚੀ ਜੀ ਦੇ ਜਾਣ ਤੋਂ ਬਾਅਦ ਉਹ ਕੁੱਛ ਸਾਲ ਰਿਹਾ ਜਰੂਰ ਪਰ ਜਿਓਣ ਦੀ ਚਾਹਤ ਤੋਂ ਬਿਨਾਂ।

ਸਾਡੇ ਬਾਜੀ ਹੋਰੀਂ ਚਾਰ ਭਰਾ ਸੀ, ਦੋ ਛੋਟੇ ਤੇ ਦਾਦਾ ਦਾਦੀ ਤਾਂ ਬਹੁਤ ਪਹਿਲਾਂ ਈ ਕਨੇਡਾ ਚਲੇ ਗਏ ਸੀ , ਪਿੰਡ ਬਾਜੀ ਤੇ ਬੰਸਾ ਚਾਚਾ ਈ ਹੁੰਦੇ। ਸਾਡਾ ਸਾਂਝਾ ਵੱਡਾ ਘਰ ਪਰਵਾਰ ਸੀ, ਪੂਰੀ ਰੌਣਕ ਹੋਣੀ। ਵਿਆਹ ਵਰਗੇ ਦਿਨ ਨਿੱਕਲਣੇ, ਬੀਜੀ ਤੇ ਚਾਚੀ ਜੀ ਨੇ ਸਾਰਾ ਦਿਨ ਈ ਘਰ ਦੇ ਕੰਮਾਂ ਚ ਲੱਗੀਆਂ ਰਹਿਣਾ। ਦਸ ਦਸ ਭਈਆਂ ਦੀਆਂ ਰੋਟੀਆਂ ਪਕਾਉਣੀਆਂ, ਖੇਤ ਰੋਟੀ ਲੈ ਕੇ ਜਾਣਾ ਪਰ ਸਾਨੂੰ ਕਹਿਣਾ ਪੜ ਲਿਖ ਲੋ, ਕੰਮ ਆਊ। ਸਾਨੂੰ ਕਦੇ ਨੀ ਸੀ ਲੱਗਿਆ ਬਈ ਅਸੀਂ ਸਾਰੇ ਸਕੇ ਭੈਣ ਭਰਾ ਨੀ। ਉਹਨਾਂ ਦੀ ਇੱਕ ਬੇਟੀ ਤੇ ਅਸੀਂ ਤਿੰਨ ਭੈਣ ਭਰਾ ਸਾਰੇ ਇਕੱਠੇ ਖੇਡਦੇ ਪੜਦੇ ਵੱਡੇ ਹੋਏ ਆਂ, ਹੁਣ ਵੀ ਉਹ ਸਾਨੂੰ ਕਦੇ ਚਾਚੇ ਦੀ ਧੀ ਨੀ ਲੱਗੀ।

ਚਾਚਾ ਸਾਡਾ ਵੈਸੇ ਸਿੱਧਾ ਸਾਧਾ ਜੱਟ, ਸੰਤ ਸੁਭਾਅ ਬੰਦਾ ਸੀ, ਪਰ ਕਈ ਗੱਲਾਂ ਚ ਜਿੱਦੀ ਵੀ ਬਹੁਤ ਸੀ। ਦਾਦੀ ਨੇ ਕਹਿਣਾ, ਇਹਦੀ ਤਾਂ ਸਹੇ ਦੀਆਂ ਤਿੰਨ ਈ ਟੰਗਾਂ ਵਾਲੀ ਗੱਲ ਆ, ਜੋ ਕਹਿ ਦਿੰਦਾ ਉਹ ਪੁਗਾ ਕੇ ਈ ਹੱਟਦਾ। ਬਾਜੀ ਸਾਡੇ ਦਾ ਬੰਸੇ ਚਾਚੇ ਨਾਲ ਬਹੁਤ ਪਿਆਰ ਸੀ। ਸ਼ਾਇਦ ਪਾਕਿਸਤਾਨ ਬਣਨ ਵੇਲੇ ਜੋ ਦੁੱਖ ਦਰਦ ਦੋਵਾਂ ਭਰਾਵਾਂ ਨੇ ਇਕੱਠਿਆਂ ਸਹਾਰਿਆ ਸੀ ਉਹਦੇ ਕਰਕੇ ਈ ਦੋਵਾਂ ਚ ਇੱਕ ਵੱਖਰੀ ਜਿਹੀ ਸਾਂਝ ਸੀ। ਬਾਜੀ ਵੱਡੇ ਹੋਣ ਕਰਕੇ ਜਾਂ ਉਸ ਸਾਂਝ ਕਰਕੇ ਸਾਰੀ ਉਮਰ ਈ ਉਹਦੇ ਰਖਵਾਲੇ ਬਣੇ ਰਹੇ। ਉਸ ਵੇਲੇ ਸਾਡੇ ਦਾਦਾ ਦਾਦੀ ਜੀ ਦੋਵੇਂ ਈ ਰਾਜਸਥਾਨ ਵਾਲੀ ਜਮੀਨ ਅਬਾਦ ਕਰਨ ਪੰਜਾਬ ਆਏ ਹੋਏ ਸੀ ਤੇ ਬਾਜੀ ਹੋਰੀਂ ਦੋਵੇਂ ਭਰਾ ਈ ਚਾਚੇ ਚਾਚੀਆਂ ਨਾਲ ਭੁੱਖੇ ਭਾਣੇ ਬਿਮਾਰ ਹੋਕੇ ਮਸਾਂ ਈ ਪੰਜਾਬ ਪਹੁੰਚੇ ਸੀ।

ਚਾਚਾ ਜੀ ਸਾਡੇ ਸ਼ੁਰੂ ਤੋਂ ਈ ਮਿੱਠੇ ਦੇ ਬੜੇ ਸ਼ੌਕੀਨ ਸੀ। ਹਰ ਰੋਜ ਖੇਤਾਂ ਚੋਂ ਆਕੇ ਉਹਨਾਂ ਨੇ ਕਦੇ ਕੜਾਹ ਕਦੇ ਸੇਵੀਆਂ ਦੀ ਫਰਮਾਇਸ਼ ਕਰ ਦੇਣੀ। ਕਈ ਵਾਰ ਜੇ ਚਾਚੀ ਜੀ ਹੋਰਾਂ ਨੇ ਨਾਂਹ ਕਰ ਦੇਣੀ ਤਾਂ ਫੇਰ ਉਹਨਾਂ ਨੇ ਸਾਨੂੰ ਕਹਿਣਾ। ਇੱਕ ਵਾਰ ਮੈਂ ਛੁੱਟੀਆਂ ਚ ਕਾਸਾਬਾਦ ਹੋਈ ਸੀ ਤਾਂ ਮੈਨੂੰ ਕਹਿੰਦੇ, ਬੀਤਾਂ ਅੱਜ ਸਰੀਰ ਠੀਕ ਨੀ, ਪਤਲਾ ਜਿਹਾ ਕੜਾਹ ਬਣਾ। ਮੈਂ ਪਹਿਲੀ ਵਾਰ ਕੜਾਹ ਕਰਨ ਲੱਗੀ , ਪੁੱਛ ਪੁਛਾ ਕੇ ਚੰਗਾ ਖੁੱਲਾ ਘਿਓ ਕੜਾਹੀ ਚ ਪਾਕੇ ਬਹਿ ਗੀ , ਮੁੜਕੇ ਚੰਗਾ ਖੁੱਲੇ ਦਿਲ ਨਾਲ ਈ ਪਾਣੀ ਪਾਤਾ। ਚਾਹ ਵਰਗਾ ਕੜਾਹ ਬਣਾ ਕੇ ਬਹਿ ਗੀ, ਚਾਚਾ ਜੀ ਕੋਲ ਬੈਠੇ ਨਾਲੇ ਕੌਲੀਆਂ ਭਰ ਭਰ ਪੀਈ ਜਾਣ ਨਾਲੇ ਹੱਸੀ ਜਾਣ, ਕਹਿੰਦੇ ਤੂੰ ਤਾਂ ਅੱਜ ਮੇਰਾ ਅਗਲਾ ਪਿਛਲਾ ਸਭ ਜੁਕਾਮ ਹਟਾ ਦੇਣਾ। ਹੁਣ ਵੀ ਜਦ ਕਨੇਡਾ ਜਾਣਾ , ਤਾਂ ਉਹਨਾਂ ਨੇ ਬਹੁਤ ਹੱਸਣਾ, ਕਹਿਣਾ ਬੀਤਾਂ ਤੇਰਾ ਬਣਾਇਆ ਚਾਹ ਵਰਗਾ ਕੜਾਹ ਤੇ ਮਿੱਠੀ ਬਰੈੱਡ ਮੈਨੂੰ ਬਹੁਤ ਯਾਦ ਆਉਂਦੀ ਆ।

ਹੈ ਤਾਂ ਭਾਵੇਂ ਉਹ ਬਾਜੀ ਤੋਂ ਛੋਟੇ ਸੀ ਪਰ ਪਹਿਲਾਂ ਈ ਤੁਰ ਗੇ। ਅਸਲ ਚ ਕਈ ਵਾਰ ਆਪਾਂ ਜੀਵਨ ਸਾਥੀ ਇੱਕ ਦੂਜੇ ਦੇ ਐਨੇ ਪੂਰਕ ਬਣ ਜਾਨੇਂ ਆਂ ਬਈ ਇੱਕ ਦੇ ਜਾਣ ਬਾਅਦ ਦੂਜਾ ਕੋਮਲ ਵੇਲ ਵਾਂਗ ਸਿੱਧਾ ਖੜਨੋਂ ਵੀ ਰਹਿ ਜਾਂਦਾ। ਬੱਸ ਇਹੀ ਹਾਲ ਸਾਡੇ ਚਾਚਾ ਜੀ ਦਾ ਸੀ, ਉਹ ਕਿਤੇ ਨਾ ਕਿਤੇ ਚਾਚੀ ਜੀ ਤੋਂ ਬਿਨਾਂ ਟੁੱਟ ਜਿਹੇ ਗਏ ਸੀ। ਭਾਵੇਂ ਸਾਨੂੰ ਸਭ ਨੂੰ ਈ ਪਤਾ ਬਈ ਰਹਿਣਾ ਤਾਂ ਏਥੇ ਕਿਸੇ ਨੇ ਵੀ ਨੀ, ਪਰ ਜਾਣ ਵਾਲੇ ਨਾਲ ਸਾਡੀ ਸਾਂਝ ਸਾਨੂੰ ਉਦਾਸ ਜਰੂਰ ਕਰਦੀ ਆ। ਹੁਣ ਤਾਂ ਇਹੀ ਅਰਦਾਸ ਆ ਬਈ ਰੱਬ ਉਸ ਪਾਕ ਰੂਹ ਵਾਲੇ ਸਾਡੇ ਭੋਲੇ ਭੰਡਾਰੇ ਚਾਚੇ ਨੂੰ ਆਪਣੇ ਚਰਨਾਂ ਚ ਥਾਂ ਬਖਸ਼ੇ।

Have something to say? Post your comment