ਗੁਹਾਟੀ, 23 ਨਵੰਬਰ
ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਅੱਜ ਸ਼ਾਮ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਗੋਗੋਈ ਦੀ ਸਿਹਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਗੋਗੋਈ ਦਾ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਮੈਡੀਕਲ ਕਾਲਜ ਦੇ ਪ੍ਰਧਾਨ ਅਭਿਜੀਤ ਸ਼ਰਮਾ ਨੇ ਦੱਸਿਆ ਕਿ 86 ਸਾਲਾ ਕਾਂਗਰਸ ਨੇਤਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ ਦੇਖਭਾਲ 9 ਡਾਕਟਰਾਂ ਦੀ ਟੀਮ ਕਰ ਰਹੀ ਸੀ ਅਤੇ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਅੱਜ ਸ਼ਾਮ 5.30 ਵਜੇ ਦੇ ਕਰੀਬ ਆਖਰੀ ਸਾਹ ਲਿਆ।
ਗੋਗੋਈ ਦਾ ਜਨਮ 11 ਅਕਤੂਬਰ 1934 ਨੂੰ ਹੋਇਆ ਸੀ। ਉਹ 2001 ਤੋਂ 2016 ਤੱਕ ਅਸਾਮ ਦੇ ਮੁੱਖ ਮੰਤਰੀ ਰਹੇ। ਗੋਗੋਈ ਨੇ ਕਾਂਗਰਸ ਨੂੰ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ 'ਚ ਜਿੱਤ ਦਿਵਾਈ। ਸਭ ਤੋਂ ਲੰਬੇ ਸਮੇਂ ਤੱਕ ਅਸਾਮ ਦੇ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੈ।
- ਏਜੰਸੀ