ਮਾਰੂ ਹਥਿਆਰਾਂ ਸਮੇਤ 7 ਮੋਟਰਸਾਈਕਲ ਅਤੇ 5 ਮੋਬਾਇਲ ਫੋਨਾਂ ਬਰਾਮਦ ਕੀਤੇ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਨਵੰਬਰ
ਮਾਨਸਾ ਪੁਲੀਸ ਵੱਲੋਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ ਗਿਰੋਹ ਦੇ 6 ਮੈਂਬਰਾਂ ਵਿੱਚੋਂ 4 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਮੌਕੇ 'ਤੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਫੜੇ ਗਏ ਲੁਟੇਰਿਆਂ ਪਾਸੋਂ ਗੰਡਾਸੀ, ਕੁਹਾੜੀ, ਲੋਹਾ ਰਾਡ (ਪਾਈਪਨੁਮਾ) ਅਤੇ ਦਾਹ ਲੋਹਾ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ ਮੋਟਰਸਾਈਕਲ ਅਤੇ ਟੱਚ-ਸਕਰੀਨ ਮੋਬਾਇਲ ਫੋਨ ਵੀ ਮੌਕਾ ਤੋਂ ਬਰਾਮਦ ਕੀਤੇ ਗਏ ਹਨ।
ਮਾਨਸਾ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਅੱਜ ਇਥੇ ਕੀਤੀ ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਦੱਸਿਆ ਕਿ ਪੁਲੀਸ ਪਾਰਟੀ ਪਾਸ ਇਤਲਾਹ ਮਿਲੀ ਕਿ ਲੁੱਟਾਂ/ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 6 ਮੈਂਬਰ ਜਸਵਿੰਦਰ ਸਿੰਘ ਉਰਫ ਭੱਲਾ ਵਾਸੀ ਚਨਾਰਥਲ (ਬਠਿੰਡਾ), ਅਰਸ਼ਦੀਪ ਸਿੰਘ ਉਰਫ ਅਰਸ਼ੂ, ਮਨਪ੍ਰੀਤ ਸਿੰਘ ਉਰਫ ਘਾਚਾ, ਗੁਰਵਿੰਦਰ ਸਿੰਘ ਉਰਫ ਬੂਰਾ, ਮੰਗਾਂ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਵਾਲਾ (ਬਠਿੰਡਾ) ਅਤੇ ਲਖਵਿੰਦਰ ਸਿੰਘ ਉਰਫ ਮਿੰਦੀ ਵਾਸੀ ਜੋਧਪੁਰ ਪਾਖਰ (ਬਠਿੰਡਾ), ਜੋ ਭਾਖੜਾ ਨਹਿਰ ਦੇ ਪੁਲ ਨੇੜੇ ਦਰੱਖਤਾਂ ਦੇ ਉਹਲੇ ਵਿੱਚ ਬਾਹੱਦ ਪਿੰਡ ਜਗਤਗੜ ਬਾਂਦਰ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਪਾਸਿਓ ਘੇਰਾ ਪਾਕੇ ਅੰਤਰਰਾਜੀ ਇਸ ਗਿਰੋਹ ਦੇ 4 ਮੈਬਰਾਂ ਜਸਵਿੰਦਰ ਸਿੰਘ ਉਰਫ ਭੱਲਾ ਵਾਸੀ ਚਨਾਰਥਲ (ਬਠਿੰਡਾ), ਅਰਸ਼ਦੀਪ ਸਿੰਘ ਉਰਫ ਅਰਸ਼ੂ, ਮਨਪ੍ਰੀਤ ਸਿੰਘ ਉਰਫ ਘਾਚਾ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਵਾਸੀ ਮੌੜ ਚੜ੍ਹਤ ਸਿੰਘ (ਬਠਿੰਡਾ) ਨੂੰ ਕਾਬੂ ਕੀਤਾ ਗਿਆ।
ਐਸਐਸਪੀ ਮਾਨਸਾ ਨੇ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀਆਂ ਪੇਸ਼ਾ ਮੁਜ਼ਰਮ ਹਨ, ਜਿਨ੍ਹਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਪ੍ਰਾਤਾਂ ਅੰਦਰ ਸੰਗੀਨ ਜੁਰਮਾਂ ਅਤੇ ਨਸ਼ਿਆ ਆਦਿ ਦੇ 11 ਤੋਂ ਵੱਧ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ।ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਪੁਲੀਸ ਹੱਥ ਕੋਈ ਅਹਿਮ ਸੁਰਾਗ ਲੱਗ ਸਕੇ।