ਮਜੀਠਾ, 24 ਨਵੰਬਰ ( ਜਗਤਾਰ ਸਿੰਘ ਛਿੱਤ) : ਜਗਤਾਰ ਸਿੰਘ ਹਵਾਰਾ ਦਾ ਇਹ ਬਿਆਨ ਜਾਰੀ ਕੀਤਾ ਗਿਆ ਹੈ-
ਸਮੁੱਚੇ ਦੇਸ਼ ਦਾ ਕਿਸਾਨ ਭਾਈ ਚਾਰਾ ਆਪਣੀ ਕਿਰਤ ਕਰਕੇ ਸਮਾਜ ਵਿੱਚ ਵਿਸ਼ੇਸ਼ ਸਤਿਕਾਰ ਦਾ ਸਥਾਨ ਰੱਖਦਾ ਹੈ। ਅਸੀਂ ਇਨ੍ਹਾ ਕਿਰਤੀਆਂ ਦੇ ਸਮਾਜਿਕ ਸਨਮਾਨ ਦੇ ਵਾਧੇ ਤੇ ਆਰਥਿਕ ਤਰੱਕੀ ਲਈ ਹਮੇਸ਼ਾ ਹੀ ਚਿੰਤਿਤ ਰਹੇ ਹਾਂ ਅਤੇ ਭਵਿਖ ਵਿੱਚ ਵੀ ਇਨ੍ਹਾ ਨਾਲ ਖੜੇ ਰਹਾਂਗੇ ਕਿਉਕਿ ਇਹ ਸਾਨੂੰ ਆਪਣੀ ਜਾਨ ਨਾਲ਼ੋਂ ਵੀ ਜਿਆਦਾ ਪਿਆਰੇ ਹਨ। ਪੰਜਾਬੀ ਕਿਸਾਨਾਂ ਦੀ ਗੱਲ ਹੀ ਨਿਰਾਲੀ ਹੈ। ਜਿਸ ਮਿੱਟੀ ਵਿੱਚ ਕਿਸਾਨ ਜਨਮੇ ਹਨ ਉਹ ਧਰਤੀ ਅਕਾਲ ਪੁਰਖ ਦੀ ਵਿਸ਼ੇਸ਼ ਬਖ਼ਸ਼ਿਸ਼ਾਂ ਦੀ ਪਾਤਰ ਹੈ। ਕੁਰਬਾਨੀਆਂ ਨਾਲ ਸਿੰਜੋਈ ਇਸ ਮਿੱਟੀ ਤੋਂ ਉਪਜੀ ਮਹਿਕ ਨੇ ਜਿੱਥੇ ਇਸਦੇ ਵਸਨੀਕਾਂ ਨੂੰ ਪਰਉਪਕਾਰੀ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ ਉਥੇ ਇਨ੍ਹਾ ਨੂੰ ਅਣਖੀਲਾਪਨ ਤੇ ਆਪਣੇ ਹੱਕਾਂ ਲਈ ਲੜਨ ਦਾ ਜੁਝਾਰੂ ਸੁਭਾਅ ਵੀ ਦਿੱਤਾ ਹੈ। ਸਾਡੀ ਇਮਾਨਦਾਰੀ ਤੇ ਸਖ਼ਤ ਮਿਹਨਤ ਦਾ ਲੋਹਾ ਤਾਂ ਵਿਦੇਸ਼ਾਂ ਦੀ ਸਰਕਾਰਾਂ ਵੀ ਮੰਨਦੀਆਂ ਹਨ ਕਿ ਪੰਜਾਬੀਆਂ ਵਿਸ਼ੇਸ਼ ਤੌਰ ਤੇ ਸਿੱਖਾਂ ਨੇ ਬਾਹਰਲੇ ਦੇਸ਼ਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ।
ਇਤਹਾਸ ਗਵਾਹ ਹੈ ਕਿ ਇਸ ਧਰਤੀ ਤੋਂ ਹਮੇਸ਼ਾ ਜ਼ੁਲਮ, ਬੇਇਨਸਾਫੀ ਅਤੇ ਧੱਕੇ ਸ਼ਾਹੀ ਦੇ ਖ਼ਿਲਾਫ਼ ਆਵਾਜ ਬੁਲੰਦ ਹੁੰਦੀ ਰਹੀ ਹੈ ਕਿਉਕਿ ਇਥੇ ਦੇ ਵਸਨੀਕਾਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ੳਟ ਆਸਰਾ ਲਇਆ ਹੈ। ਅੱਜ ਜੱਦ ਭਾਰਤੀ ਹਕੁਮਤ ਨੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤਬਾਹ ਕਰਨ ਦੀ ਤਿਆਰੀ ਕਰ ਲਈ ਹੈ ਤਾਂ ਇਨ੍ਹਾ ਵੱਲੋਂ ਇੰਨਸਾਫ ਲੈਣ ਲਈ ਆਰੰਭੇ ਸ਼ਾਤਮਈ ਸੰਘਰਸ਼ ਨੂੰ ਸਮਰਥਨ ਦੇਣਾ ਸਾਡੇ ਸਾਰਿਆ ਦਾ ਇਖਲਾਕੀ ਫਰਜ ਬਣਦਾ ਹੈ। ਹੁਣ ਤੱਕ ਦਾ ਸਫਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੂਝ-ਬੂਝ ਨਾਲ ਸਹੀ ਚੱਲਦਾ ਨਜ਼ਰ ਆ ਰਿਹਾ ਹੈ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ।
ਇਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਮੈ ਇਨ੍ਹਾ ਦੇ ਦਰਦ ਨੂੰ ਜੇਲ੍ਹ ਵਿੱਚ ਨਜ਼ਰਬੰਦ ਹੋਣ ਦੇ ਬਾਵਜੂਦ ਵੀ ਮਹਿਸੂਸ ਕਰਦਾ ਹਾਂ।ਮੈ ਸ਼ਰੀਰ ਕਰਕੇ ਤਾਂ ਤੁਹਾਡੇ ਵਿੱਚ ਸ਼ਾਮਲ ਨਹੀ ਹੋ ਸਕਦਾ ਪਰ ਮੰਨ ਕਰਕੇ ਤੁਹਾਡੇ ਨਾਲ ਹਾਂ। ਮੈਨੂੰ ਖੂਸ਼ੀ ਹੈ ਕਿ ਮੇਰੀਆਂ ਕਿਸਾਨ ਭੈਣਾਂ, ਮਾਤਾਵਾਂ, ਬਜ਼ੁਰਗ, ਵੀਰ ਅਤੇ ਸਮਾਜ ਦੇ ਹਰ ਧਰਮ ਤੇ ਹਰ ਵਰਗ ਦੇ ਲੋਕ ਇਸ ਸ਼ੁਭ ਕਾਰਜ ਵਿੱਚ ਦਿਨ-ਰਾਤ ਸਹਿਯੋਗ ਦੇ ਰਹੇ ਹਨ। ਸੰਗਤਾਂ ਦਾ ਕੂਕਰ ਹੋਣ ਦੇ ਨਾਤੇ ਦਾਸ ਸਮੁੱਚੇ ਪੰਜਾਬ ਵਾਸੀਆ ਨੂੰ ਅਪੀਲ ਕਰਦਾਂ ਹਾਂ ਕਿ ਉਹ 26 ਨਵੰਬਰ ਨੂੰ ਦਿੱਲ਼ੀ ਚਲੋ ਕਾਫ਼ਲੇ ਦਾ ਹਿੱਸਾ ਬਨਣ ਅਤੇ ਕਿਸਾਨ ਭਰਾਵਾਂ ਦੇ ਸੰਘਰਸ਼ ਨੂੰ ਸ਼ਾਤਮਈ ਢੰਗ ਨਾਲ ਕਾਮਯਾਬ ਕਰਨ।ਅੰਤ ਵਿੱਚ ਮੈ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਸੁਚੇਤ ਕਰਦਾ ਹਾਂ ਕਿ ਉਹ ਇਕਜੁੱਟ ਹੋ ਕੇ ਰਹਿਣ।ਸਰਕਾਰਾਂ ਸੰਘਰਸ਼ ਦੌਰਾਨ ਆਪਸੀ ਰਿਸ਼ਤਿਆਂ ਵਿੱਚ ਤਰੇੜਾਂ ਪਾਉਣ, ਡਰਾਉਣ, ਲਾਲਚ ਦੇਣ ਦੀ ਕੋਸ਼ਿਸ਼ਾਂ ਕਰਦੀਆਂ ਹਨ ਪਰ ਤੁਸੀ ਸੁਚੇਤ ਰਹਿ ਕੇ ਆਪਣੀ ਧਰਤੀ ਮਾਂ ਦੇ ਵਫ਼ਾਦਾਰ ਪੁੱਤਰ ਹੋਣ ਦਾ ਸਬੂਤ ਦੇ ਕੇ ਇਹ ਜੰਗ ਜਿੱਤਣੀ ਹੈ।