English Hindi March 04, 2021

ਮੁੱਦੇ/ਮਸਲੇ

ਪੰਜਾਬ ਦੀ ਅਣਖ ਦਾ ਪ੍ਰਤੀਕ ਕਿਸਾਨ ਘੋਲ

December 01, 2020 03:08 PM

" ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ

ਦੁਨੀਆਂ ਭਰ ਵਿੱਚ ' ਅੰਨ ਦੇ ਭੜੋਲੇ ' ਵਜੋਂ ਜਾਣੀ ਜਾਂਦੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਜੰਮਿਆਂ ਨੂੰ ਹਮੇਸ਼ਾਂ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ । ਜਦੋਂ ਧਰਤੀ ਦੇ ਵੱਡੇ ਭੂ-ਭਾਗ ਹਾਲੇ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੇ ਪੱਥਰ ਯੁੱਗ ਵਿੱਚ ਹੀ ਜੀਅ ਰਹੇ ਸਨ ਉਦੋਂ ਪੰਜਾਂ ਦਰਿਆਵਾਂ ਦੀ ਗੋਦ ਵਿੱਚ ਦੁਨੀਆਂ ਦੀ ਅਤਿ ਵਿਕਸਤ ' ਸਿੰਧ ਘਾਟੀ ਦੀ ਸਭਿਅਤਾ ' ਮੌਲ ਰਹੀ ਸੀ ।

ਤਕਸ਼ਿਲਾ ਤੇ ਨਾਲੰਦਾ ਵਰਗੇ ਵਿਸ਼ਵ ਵਿਦਿਆਲੇ ਦੁਨੀਆਂ ਦੇ ਲੋਕਾਂ ਨੂੰ ਗਿਆਨ-ਵਿਗਿਆਨ ਦਾ ਚਾਨਣ ਵੰਡ ਰਹੇ ਸਨ ਤੇ ਇਸ ਰੱਜੀ ਪੁੱਜੀ ਤੇ ਭਾਗਾਂ ਭਰੀ ਧਰਤੀ ਨੂੰ ਵੱਖ ਵੱਖ ਨਸਲਾਂ ਤੇ ਕਬੀਲਿਆਂ ਵੱਲੋਂ ਲੁੱਟਣ ਲਈ ਲਗਾਤਾਰ ਹਮਲੇ ਕੀਤੇ ਜਾਂਂਦੇ ਰਹੇ ਜਿਨ੍ਹਾਂ ਨੂੰ ਅਣਖੀ ਤੇ ਬਹਾਦਰ ਪੰਜਾਬੀਆਂ ਨੇ ਆਪਣੇ ਬਾਹੂਬਲ ਨਾਲ ਹਮੇਸ਼ਾਂ ਸਖਤ ਟੱਕਰ ਦਿੱਤੀ । ਦੁਨੀਆਂ ਦੇ ਮਹਾਨ ਜੇਤੂ ' ਸਿਕੰਦਰ ' ਵਰਗਿਆਂ ਨੂੰ ਬਿਆਸ ਨਹੀਂ ਟੱਪਣ ਦਿੱਤਾ ਤੇ ਅਬਦਾਲੀ ਵਰਗਿਆਂ ਦਾ ਲੁੱਟਿਆ ਸਮਾਨ ਪੰਜਾਬੀ ਹੀ ਲੁੱਟਦੇ ਰਹੇ ਹਨ ।

ਅਠਾਰ੍ਹਵੀਂ ਸਦੀ ਤੱਕ ' ਸੋਨੇ ਦੀ ਚਿੜੀ ' ਸਮਝੇ ਜਾਂਦੇ ਭਾਰਤ ਨੂੰ ਲੁੱਟਣ ਲਈ ਪੱਛਮ ਵੱਲੋਂ ਜਿੰਨੇ ਵੀ ਹਮਲੇ ਹੋਏ ਉਨ੍ਹਾਂ ਨੂੰ ਪੰਜਾਬੀਆਂ ਵੱਲੋਂ ਹੀ ਡੱਕਣ ਲਈ ਹਿੱਕ ਡਾਹੀ ਤੇ ' ਦੱਰਾ ਖੈਬਰ ' ਤੋਂ ਪ੍ਰਵੇਸ਼ ਕਰਨ ਵਾਲੇ ਹਮਲਾਵਰਾਂ ਦਾ ਰਾਹ ਹਮੇਸ਼ਾਂ ਲਈ ਬੰਦ ਕਰਨ ਲਈ ਹਰੀ ਸਿੰਘ ਨਲੂਆ ਨੇ ' ਜਮਰੌਦ ' ਦਾ ਮਜਬੂਤ ਕਿਲਾ ਉਸਾਰ ਦਿੱਤਾ । ਯੂਰਪ ਦੀਆਂ ਵੱਖ ਵੱਖ ਬਸਤੀਵਾਦੀ ਹਕੂਮਤਾਂ ਵੱਲੋਂ ਪੰਜਾਬ ਦੇ ' ਅਜਾਦ ਤੇ ਪ੍ਰਭੂਸੱਤਾ ਸੰਪੰਨ ' ਸਿੱਖ ਰਾਜ ਨਾਲ ਬਰਾਬਰੀ ਦੇ ਸਬੰਧ ਸਥਾਪਤ ਕੀਤੇ ਤੇ ਸਾਰੇ ਦੇਸ਼ ਭਾਰਤ ਨੂੰ ਹੜੱਪਣ ਤੋਂ ਬਾਅਦ ਅੰਦਰੂਨੀ ' ਗ਼ੱਦਾਰਾਂ ' ਦੀ ਮੱਦਦ ਨਾਲ ਹੀ ਬਰਤਾਨਵੀ ਸਾਮਰਾਜ ਪੰਜਾਬ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਸਕਿਆ ।

ਮੂਲ ਰੂਪ ਵਿੱਚ ਪੰਜਾਬ ਖੇਤੀ ਪ੍ਰਧਾਨ ਖਿੱਤਾ ਹੈ ਤੇ ਖੇਤਾਂ ਦੇ ਜਾਏ ਕਦੇ ' ਦੁੱਲਾ ਭੱਟੀ ' ਦੀ ਅਗਵਾਈ ਵਿੱਚ ਮੁਗਲ ਸਾਮਰਾਜ ਨੂੰ ਹਥਿਆਰ ਬੰਦ ਚੁਣੌਤੀ ਦੇਣ ਲਈ ਮੈਦਾਨ ਵਿੱਚ ਨਿੱਤਰੇ ਤੇ ਕਦੇ ਗੁਰੂ ਸਾਹਿਬਾਨ ਵੱਲੋਂ ਬਾਬਰਾਂ ਤੇ ਜਾਬਰਾਂ ਨਾਲ ' ਮੀਰੀ ਤੇ ਪੀਰੀ ' ਦੇ ਸਿਧਾਂਤਕ ਪੈਂਤੜਿਆਂ ਰਾਹੀਂ ਟਕਰਾਏ । ਕਦੇ ਅਨੰਦਪੁਰ ਸਾਹਿਬ ਤੇ ਚਮਕੌਰ ਦੀ ਗੜ੍ਹੀ ਦੀਆਂ ਬੇਮੇਚੀਆਂ ਜੰਗਾਂ ਦੇ ਜਲਵੇ ਤੇ ਕਦੇ ' ਬਾਬਾ ਬੰਦਾ ਸਿੰਘ ਬਹਾਦਰ ' ਦੀ ਅਗਵਾਈ ਵਿੱਚ ਰਵਾਇਤੀ ਹਥਿਆਰਾਂ ਤੇ ਖੇਤੀ ਸੰਦਾਂ ਰਾਹੀਂ ' ਚੱਪੜਚਿੜੀ ' ਦੇ ਮੈਦਾਨ ਵਿੱਚ ਜਾਲਮ ਵਜੀਰ ਖਾਨ ਨੂੰ ਸੁਹਾਗਾ ਬਣਾ ਕੇ ਸਰਹੰਦ ਤੱਕ ਘੜੀਸਣਾ ਤੇ ਹੁਕਮਰਾਨ ਬਣ ਕੇ ਜਗੀਰਦਾਰੀ ਪ੍ਰਬੰਧ ਨੂੰ ਖਤਮ ਕਰਕੇ ' ਜਮੀਨ ਹਲ ਵਾਹਕ ਦੀ ' ਪ੍ਰਬੰਧ ਅਧੀਨ ਜੱਟਾਂ ਨੂੰ ਮਾਲਕੀ ਦੇ ਹੱਕ ਦੇਣਾ ਪੰਜਾਬ ਦਾ ਮਾਣਯੋਗ ਵਿਰਸਾ ਹੈ ।

ਰਾਜ ਭਾਗ ਦੀਆਂ ਮਾਲਕ ਰਹੀਆਂ ਜੇਤੂ ਕੌਮਾਂ ਗ਼ੱਦਾਰਾਂ ਦੀਆਂ ਗੱਦਾਰੀਆਂ ਕਾਰਨ ਭਾਵੇਂ ਵਕਤੀ ਤੌਰ ਤੇ ਜੰਗਾਂ ਹਾਰ ਜਾਣ ਪਰ ਉਹ ਕੌਮਾਂ ਹਮੇਸ਼ਾਂ ਜੰਗ ਦੀ ਹਾਲਤ ਵਿੱਚ ਹੀ ਹੁੰਦੀਆਂ ਹਨ । ਪੰਜਾਬ ਦੇ ਬਹਾਦਰ ਲੋਕਾਂ ਨੇ ਇਹ ਗੱਲ ਸਮੇਂ ਸਮੇਂ ਤੇ ਸਿੱਧ ਕੀਤੀ ਹੈ । ਸਮੁੱਚੇ ਭਾਰਤ ਨੂੰ ਹੜੱਪ ਕਰਕੇ ਦੋ ਸਦੀਆਂ ਤੋਂ ਵੀ ਵੱਧ ਰਾਜ ਕਰਨ ਵਾਲੇ ਬਰਤਾਨਵੀ ਸਾਮਰਾਜ ਨੂੰ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਇੱਕ ਸਦੀ ਵੀ ਪੂਰੀ ਨਹੀਂ ਕਰਨ ਦਿੱਤੀ ਤੇ 90% ਕੁਰਬਾਨੀਆਂ ਦੇ ਕੇ ਪੂਰੇ ਭਾਰਤ ਨੂੰ ਅਜਾਦ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ।

ਅਜਾਦ ਭਾਰਤ ਵਿੱਚ ਆਪਣੇ ਜਾਨ ਤੋਂ ਵੱਧ ਪਿਆਰੇ ਗੁਰਧਾਮ, ਜ਼ਰਖੇਜ ਜਮੀਨਾਂ , ਧੀਆਂ ਭੈਣਾਂ ਦੀਆਂ ਇੱਜ਼ਤਾਂ ਤੇ ਵੱਡਾ ਜਾਨੀ ਮਾਲੀ ਨੁਕਸਾਨ ਕਰਵਾ ਕੇ ਤੇ ' ਰਾਖ ਵਿੱਚੋਂ ਉੱਗ ਕੇ ' ਨਵੇਂ ਸਿਰੇ ਤੋਂ ਜਿਊਣ ਦੀ ਇੱਛਾ ਨਾਲ ਜੱਦੋਜਹਿਦ ਕਰਦੇ ਪੰਜਾਬੀਆਂ ਨੂੰ ਨਿੱਤ ਨਵੀਂਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪਿਆ ਹੈ । ਅਜਾਦ ਤੇ ਨਵੇਂ ਭਾਰਤ ਦੇ ਫਿਰਕੂ ਹਾਕਮਾਂ ਵੱਲੋਂ ' ਸਿਰਾਂ ਦੀ ਗਿਣਤੀ ' ਨੂੰ ਮੁੱਖ ਰੱਖ ਕੇ ਬਣਾਈਆਂ ਜਾ ਰਹੀਆਂ ਦਲਿਤਾਂ, ਆਦਿਵਾਸੀਆਂ ਤੇ ਘੱਟਗਿਣਤੀਆਂ ਵਿਰੋਧੀ ਨੀਤੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਭਾਵੇਂ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਵੱਲੋਂ ਇੱਕ ਵਾਰ ਫਿਰ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਫਿਰਕੂ ਤੇ ਫਾਸ਼ੀਵਾਦੀ ਹਾਕਮਾਂ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ ।

ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਮੁੱਚੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦਾ ਪਰੋਗਰਾਮ ਫੇਲ੍ਹ ਕਰਨ ਲਈ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕੀਤੇ ਹਰ ਜਬਰ ਤੇ ਰੋਕਾਂ ਨੂੰ ਤੋੜ ਕੇ ਪੰਜਾਬ ਦੇ ਨੌਜਵਾਨਾਂ, ਕਿਰਤੀ ਕਾਮਿਆਂ, ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਤੱਕ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਦਰਸਾ ਦਿੱਤਾ ਹੈ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਜਿਊਂਦਾ ਹੈ । ਡੇਰਿਆਂ ਤੇ ਠੇਕਿਆਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੇ ' ਚਿੱਟੇ ' ਵਰਗੇ ਘਾਤਕ ਨਸ਼ਿਆਂ ਦੀ ਦਲ ਦਲ ਵਿੱਚ ਪੰਜਾਬ ਨੂੰ ਧੱਕਣ ਦੇ ਬਾਵਜੂਦ ਹਾਲੇ ਵੀ ਉਹ ਅਣਖੀ ਪੰਜਾਬੀ ਜਿਊਂਦੇ ਜਾਗਦੇ ਹਨ ਜਿਨ੍ਹਾਂ ਨੇ ' ਬੇਦਾਵਿਆਂ ' ਤੇ ਦਸਤਖ਼ਤ ਨਹੀਂ ਕੀਤੇ । ' ਗੁਜਰਾਤੀ ਸਾਹਾਂ ' ਤੇ ਆਰ ਐਸ ਐਸ ਦੇ ਦਲਾਲਾਂ ਦੀਆਂ ਗਿਣਤੀਆਂ ਮਿਣਤੀਆਂ ਪੰਜਾਬੀਆਂ ਵੱਲੋਂ ਪੈਰਾਂ ਹੇਠ ਮਧੋਲ ਦਿੱਤੀਆਂ ਹਨ । ਹਮੇਸ਼ਾਂ ਦੀ ਤਰ੍ਹਾਂ ਪੰਜਾਬ ਨੇ ਇੱਕ ਵਾਰ ਫਿਰ ਪੂਰੇ ਦੇਸ਼ ਨੂੰ ਅਗਵਾਈ ਦੇਣ ਦਾ ਮਾਣ ਹਾਸਲ ਕੀਤਾ ਹੈ ਤੇ ਫਿਰਕੂ ਤਾਕਤਾਂ ਦੇ ਮਨਸੂਬਿਆਂ ਨੂੰ ਭਾਂਜ ਦਿੱਤੀ ਹੈ । ਕੇਂਦਰੀ ਹਾਕਮਾਂ ਦੇ ' ਅਜਿੱਤ ' ਹੋਣ ਦੇ ਭਰਮ ਤੇ ਹੰਕਾਰ ਨੂੰ ਚਕਨਾਚੂਰ ਕਰਕੇ ਦੱਸ ਦਿੱਤਾ ਹੈ ਕਿ ' ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ' ।

ਫਿਰਕਾਪ੍ਰਸਤ ਤੇ ਮੱਕਾਰ ਹਾਕਮਾਂ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਸਾਂਝੇ ਕਿਸਾਨ ਘੋਲ ਨੂੰ ਜਿੱਤ ਤੱਕ ਲੈ ਕੇ ਜਾਣਾ ਬਹੁਤ ਚੁਣੌਤੀ ਭਰਿਆ ਕਾਰਜ ਹੈ ਤੇ ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸੈਨਾਪਤੀਆਂ ਦੇ ਮਾਣਮੱਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਤੇ ਆਪਣੀ ਏਕਤਾ ਨੂੰ ਹੋਰ ਮਜਬੂਤ ਕਰਦੇ ਹੋਏ ਦੁਸ਼ਮਣ ਨੂੰ ਮਾਤ ਦੇਣੀ ਬਹੁਤ ਜਰੂਰੀ ਹੈ ਕਿਉਂਕਿ ਪੂਰੇ ਪੰਜਾਬੀਆਂ ਦੀ ਅਣਖ , ਇੱਜਤ ਤੇ ਆਬਰੂ ਤੋਂ ਬਿਨਾਂ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਸਾਂਝੇ ਕਿਸਾਨ ਘੋਲ ਤੇ ਕੇਂਦਰਿਤ ਹਨ । ਸਾਨੂੰ ਸਭ ਨੂੰ ਪੂਰਨ ਵਿਸ਼ਵਾਸ ਹੈ ਕਿ ਹਮੇਸ਼ਾਂ ਦੀ ਤਰ੍ਹਾਂ ਪੰਜਾਬ ਤੇ ਪੰਜਾਬੀ ਜੇਤੂ ਹੋ ਕੇ ਨਿਕਲਣਗੇ । ਇਤਿਹਾਸ ਗਵਾਹ ਹੈ ਕਿ,

" ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਓਂ ਰਹਾ ਹੈ ਦੁਸ਼ਮਨ ਦੌਰ -ਏ-ਜਮਾਂ ਹਮਾਰਾ ।"

ਨਿਰਪਾਲ ਸਿੰਘ ਜਲਾਲਦੀਵਾਲ
94170 - 61740

Have something to say? Post your comment

ਮੁੱਦੇ/ਮਸਲੇ

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ, ਸਕੀਮਾਂ ਸਰਕਾਰ ਦੀਆਂ "

1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ