ਜੋਗਿੰਦਰ ਸਿੰਘ ਮਾਨ
ਨਵੀਂ ਦਿੱਲੀ/ ਮਨਸਾ , 3 ਦਸੰਬਰ
ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਤਿੰਨ ਕੇਂਦਰੀਆਂ ਮੰਤਰੀਆਂ ਵਿਚਕਾਰ ਅੱਜ ਦੁਪਹਿਰੇ ਸ਼ੁਰੂ ਹੋਈ ਗੱਲਬਾਤ ਕਰੀਬ ਸਾਢੇ ਸੱਤ ਘੰਟੇ ਚੱਲਣ ਬਾਅਦ ਖਤਮ ਹੋ ਗਈ ਜਿਸ 'ਚ ਕਿਸਾਨਾਂ ਅਤੇ ਮੰਤਰੀਆਂ ਵਿਚਕਾਰ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣੀ। ਕਿਸਾਨ ਲਗਾਤਾਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਰਹੇ ਜਦੋਂਕਿ ਕੇਂਦਰ ਸਰਕਾਰ ਦੇ ਮੰਤਰੀ ਕਾਨੂੰਨਾਂ 'ਚ ਕਿਸਾਨਾਂ ਵੱਲੋਂ ਵਿਸਥਾਰ ਵਿੱਚ ਉਠਾਏ ਇਤਰਾਜਯੋਗ ਨੁਕਤਿਆਂ ਸਬੰਧੀ, ਕਿਸਾਨਾਂ ਦੀ ਤਸੱਲੀ ਅਨੁਸਾਰ ਸੋਧ ਕਰਨ ਨੂੰ ਤਿਆਰ ਹੋ ਗਈ ਹੈ। ਕਿਸਾਨ ਆਗੂ ਸੋਧਾਂ ਲਈ ਅੱਜ ਸਹਿਮਤ ਨਹੀਂ ਹੋਏ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿੱਚ 5 ਦਸੰਬਰ ਨੂੰ ਅਗਲੀ ਮੀਟਿੰਗ ਬਾਅਦ ਦੁਪਿਹਰ ਦੋ ਵਜੇ ਹੋਣੀ ਤੈਅ ਹੋ ਗਈ ਹੈ। ਭਾਰਤ ਦੀਆਂ ਕਿਸਾਨ ਜਥੇਬੰਦੀਆਂ ਭਲਕੇ ਗਿਆਰਾਂ ਵਜੇ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰਨਗੀਆਂ। ਕੇਂਦਰ ਸਰਕਾਰ ਵੀ ਭਲਕੇ ਸਾਰੇ ਨੁਕਤਿਆਂ ਉਪਰ ਵਿਚਾਰ ਹੋਵੇਗੀ ਅਤੇ 5 ਦਸੰਬਰ ਦੀ ਮੀਟਿੰਗ ਵਿੱਚ ਫੈਸਲੇ ਲੈਣ ਸਬੰਧੀ ਪ੍ਰਧਾਨ ਮੰਤਰੀ ਦੀ ਸਹਿਮਤੀ ਲੈ ਲੈਣਗੇ। ਸੰਭਾਵਨਾ ਹੈ ਕਿ 5 ਦਸੰਬਰ ਦੀ ਮੀਟਿੰਗ ਨਿਰਣਾਇਕ ਹੋਵੇਗੀ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਬਾਰੇ ਤੌਖਲਿਆਂ/ਇਤਰਾਜ਼ਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਮੀਟਿੰਗ ਸਾਜ਼ਗਾਰ ਮਾਹੌਲ ਵਿੱਚ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਹਊਮੇ ਨਹੀਂ ਹੈ। ਚੇਤੇ ਰਹੇ ਕਿ ਕਿਸਾਨਾਂ ਨੇ ਅੱਜ ਦੀ ਮੀਟਿੰਗ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਇਹ ਸਰਕਾਰ ਕੋਲ 'ਆਖਰੀ ਮੌਕਾ ਹੈ ਕਿ ਉਹ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਨ੍ਹਾਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰੇ।
ਇਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ, ਸਰਕਾਰ ਨਾਲ ਬੈਠਕ 'ਚ ਕਿਸਾਨ ਜੱਥੇਬੰਦੀਆਂ ਦੇ 35 ਆਗੂ ਸ਼ਾਮਲ ਹੋਏ, ਜਿਨ੍ਹਾਂ 'ਚ ਇੱਕ ਸਾਬਕਾ ਫੁੱਟਬਾਲ ਖਿਡਾਰੀ, ਇੱਕ ਸਾਬਕਾ ਫੌਜੀ ਅਤੇ ਇੱਕ ਸਾਬਕਾ ਡਾਕਟਰ ਸ਼ਾਮਲ ਹਨ। ਆਓ ਜੀ ਜਾਣਦੇ ਹਾਂ ਕਿ ਕੌਣ ਹਨ ਇਹ 35 ਕਿਸਾਨ ਅਤੇ ਕੀ ਹੈ ਇਨ੍ਹਾਂ ਦਾ ਸਿਆਸੀ ਸਬੰਧ?
ਸੁਰਜੀਤ ਸਿੰਘ ਫੁਲ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)
ਕਿਸਾਨ ਅੰਦੋਲਨ ਦੇ ਸਭ ਤੋਂ ਵੱਡੇ ਚਿਹਰਿਆਂ 'ਚ ਸ਼ਾਮਲ 75 ਸਾਲਾ ਸੁਰਜੀਤ ਸਿੰਘ ਫੁਲ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਕਿਸੇ ਵੀ ਰਾਜਨੀਤਕ ਦਲ ਨਾਲ ਕੋਈ ਸਬੰਧ ਨਹੀਂ ਹੈ। ਪੰਜਾਬ ਸਰਕਾਰ ਨੇ 2009 'ਚ ਮਾਓਵਾਦੀਆਂ ਨਾਲ ਸੰਬੰਧ ਦੇ ਦੋਸ਼ 'ਚ ਸੁਰਜੀਤ ਸਿੰਘ 'ਤੇ ਯੂ.ਏ.ਪੀ.ਏ. ਦੇ ਤਹਿਤ ਕੇਸ ਦਰਜ ਕੀਤਾ ਸੀ। ਸੁਰਜੀਤ ਸਿੰਘ ਫਿਲਹਾਲ ਦਿੱਲੀ ਦੇ ਬੁਰਾੜੀ ਮੈਦਾਨ 'ਚ ਆਪਣੇ ਜੱਥੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਹੰਨਾਨ ਮੋਲਾਹ, ਆਲ ਇੰਡੀਆ ਕਿਸਾਨ ਸਭਾ। 74 ਸਾਲਾ ਹੰਨਾਨ ਮੋਲਾਹ ਸੀ.ਪੀ.ਐੱਮ. ਨਾਲ ਜੁੜੇ ਹੋਏ ਹਨ। ਹੰਨਾਨ 16 ਸਾਲ ਦੀ ਉਮਰ ਤੋਂ ਹੀ ਸੀ.ਪੀ.ਐੱਮ. 'ਚ ਸ਼ਾਮਲ ਹੋ ਗਏ ਸਨ ਅਤੇ ਬਾਅਦ 'ਚ ਪੋਲੀਤ ਬਿਊਰੋ ਦੇ ਮੈਂਬਰ ਵੀ ਬਣੇ।
ਬੋਘ ਸਿੰਘ ਮਨਸਾ, ਭਾਰਤੀ ਕਿਸਾਨ ਯੂਨੀਅਨ। ਪਿਛਲੇ 42 ਸਾਲਾਂ ਤੋਂ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ 'ਤੇ ਕੰਮ ਕਰ ਰਹੇ ਬੋਘ ਸਿੰਘ ਮਨਸਾ ਵਿਦਿਆਰਥੀ ਜੀਵਨ ਤੋਂ ਹੀ ਅੰਦੋਲਨਾਂ ਨਾਲ ਜੁੜ ਗਏ ਸਨ। 68 ਸਾਲਾ ਬੋਘ ਸਿੰਘ ਮਨਸਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ।
ਫੌਜ ਤੋਂ ਬਾਅਦ ਖੇਤੀ ਨਾਲ ਜੁੜੇ ਜੋਗਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) । ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਗਠਨਾਂ 'ਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਇੱਕ ਵੱਡਾ ਸੰਗਠਨ ਹੈ। 75 ਸਾਲਾ ਜੋਗਿੰਦਰ ਸਿੰਘ 2002 'ਚ ਭਾਰਤੀ ਫੌਜ ਦੀ ਨੌਕਰੀ ਛੱਡ ਕੇ ਖੇਤੀਬਾੜੀ ਨਾਲ ਜੁੜੇ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਗਠਨ ਕੀਤਾ। ਜੋਗਿੰਦਰ ਸਿੰਘ ਉਨ੍ਹਾਂ ਕਿਸਾਨ ਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੱਲ ਕਰ ਅੰਦੋਲਨ ਦੇ ਬੁਰਾੜੀ 'ਚ ਸ਼ਿਫਟ ਕਰਨ ਦੀ ਬੇਨਤੀ ਕੀਤੀ ਸੀ। ਜੋਗਿੰਦਰ ਸਿੰਘ ਦਾ ਕੋਈ ਵੀ ਸਿਆਸੀ ਸਬੰਧ ਨਹੀਂ ਹੈ।
ਡਾ. ਦਰਸ਼ਨਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ। 70 ਸਾਲਾ ਡਾ. ਦਰਸ਼ਨਪਾਲ ਨੇ ਪੰਜਾਬ ਸਿਵਲ ਮੈਡੀਕਲ ਸਰਵਿਸ ਤੋਂ ਆਪਣੀ ਇੱਛਾ ਨਾਲ ਰਿਟਾਇਰਮੈਂਟ ਲੈਣ ਤੋਂ ਬਾਅਦ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੇ ਪਰਿਵਾਰ ਦੇ ਕੋਲ 15 ਏਕੜ ਖੇਤੀਬਾੜੀ ਜ਼ਮੀਨ ਹੈ। 2016 'ਚ ਜਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਗਠਨ ਹੋਇਆ, ਤਾਂ ਡਾ. ਦਰਸ਼ਨਪਾਲ ਇਸ ਦੇ ਮੈਂਬਰ ਬਣੇ ਅਤੇ ਇਸ ਸਾਲ ਉਨ੍ਹਾਂ ਨੂੰ ਇਸ ਸੰਗਠਨ ਦਾ ਪ੍ਰਧਾਨ ਬਣਾਇਆ ਗਿਆ।
ਕੁਲਵੰਤ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ।65 ਸਾਲਾ ਕੁਲਵੰਤ ਸਿੰਘ ਸੰਧੂ ਰਿਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੀ ਕੇਂਦਰੀ ਕਮੇਟੀ ਦੇ ਮੈਂਬਰ ਹਨ।
ਬੂਟਾ ਸਿੰਘ ਬੁਰਜ ਗਿੱਲ, ਭਾਰਤੀ ਕਿਸਾਨ ਯੂਨੀਅਨ (ਏਕਤਾ-ਦਕੋਂਦਾ)। 66 ਸਾਲਾ ਬੂਟਾ ਸਿੰਘ ਬੁਰਜ ਗਿੱਲ 1984 ਤੋਂ ਕਿਸਾਨਾਂ ਦੇ ਮੁੱਦਿਆਂ 'ਤੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਵੀ ਮੈਂਬਰ ਰਹਿ ਚੁੱਕੇ ਹਨ।
ਨਿਰਭੈ ਸਿੰਘ ਦੁਧਿਕੇ, ਕੀਰਤੀ ਕਿਸਾਨ ਯੂਨੀਅਨ
ਨਿਰਭੈ ਸਿੰਘ ਦੁਧਿਕੇ ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਪਾਰਟੀ ਨਾਲ ਜੁੜੇ ਹੋਏ ਹਨ। ਐਮਰਜੰਸੀ ਦੌਰਾਨ ਨਿਰਭੈ ਸਿੰਘ ਦੁਧਿਕੇ 19 ਮਹੀਨਿਆਂ ਤੱਕ ਜੇਲ੍ਹ 'ਚ ਰਹੇ ਸਨ।
ਬਲਦੇਵ ਸਿੰਘ ਨਿਹਾਲਗੜ, ਕੁਲ ਹਿੰਦ ਕਿਸਾਨ ਸਭਾ
64 ਸਾਲਾ ਬਲਦੇਵ ਸਿੰਘ ਨਿਹਾਲਗੜ ਸੀ.ਪੀ.ਆਈ. ਦੀ ਪ੍ਰਦੇਸ਼ ਕਾਰਜਕਾਰੀ 'ਚ ਮੈਂਬਰ ਹਨ। ਬਲਦੇਵ ਸਿੰਘ ਦੀ ਗਿਣਤੀ ਪੰਜਾਬ ਦੇ ਦਿੱਗਜ ਕਿਸਾਨ ਨੇਤਾਵਾਂ 'ਚ ਹੁੰਦੀ ਹੈ।
ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ
ਰੁਲਦੂ ਸਿੰਘ ਮਨਸਾ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨਾਲ ਜੁੜੇ ਹੋਏ ਹਨ। ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਦਿੱਗਜ ਨੇਤਾਵਾਂ 'ਚ ਰੁਲਦੂ ਸਿੰਘ ਮਨਸਾ ਸ਼ਾਮਲ ਹਨ।