ਪਰਸ਼ੋਤਮ ਬੱਲੀ
ਚੰਡੀਗੜ, 8 ਦਸੰਬਰ
ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੀ ਇਕਾਈ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਪੰਜਾਬ ਭਰ ਵਿੱਚ 160 ਤੋਂ ਵੱਧ ਥਾਵਾਂ ਉੱਤੇ ਬੰਦ ਕਰਵਾਇਆ ਗਿਆ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ ਕਰਦਿਆਂ ਐਲਾਨ ਕੀਤਾ ਗਿਆ ਕਿ ਜਿੰਨ•ਾਂ ਚਿਰ ਚੱਲ ਰਹੇ ਅੰਦੋਲਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ।
ਸਭਾ ਦੇ ਕੇਂਦਰੀ ਆਗੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਸਰਕਾਰ ਜਲ, ਜੰਗਲ, ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਦੇ ਤਹਿਤ ਭਾਅ ਮਿਥਣ ਦੇ ਸਾਰੇ ਅਧਿਕਾਰ ਕੰਪਨੀਆਂ ਕੋਲ ਚਲੇ ਜਾਣਗੇ। ਉਹ ਮਨਮਰਜ਼ੀ ਦੇ ਨਾਲ ਕਿਸਾਨਾਂ ਕੋਲੋਂ ਫ਼ਸਲ ਖਰੀਦਣਗੀਆਂ ਅਤੇ ਮਨਮਰਜ਼ੀ ਦੇ ਨਾਲ ਆਮ ਲੋਕਾਂ ਨੂੰ ਵਧੇਰੇ ਭਾਅ ਵੇਚਣਗੀਆਂ। ਠੇਕੇ ਆਧਾਰਿਤ ਖੇਤੀ ਕਾਨੂੰਨ ਤਹਿਤ ਜੇਕਰ ਕਿਸਾਨ ਕੰਟਰੈਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ, ਜੋ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਜ਼ਮੀਨ ਵਿੱਚੋ ਵਸੂਲਿਆ ਜਾਵੇਗਾ। ਹੁਣ ਜਦੋਂ ਮੋਦੀ ਸਰਕਾਰ ਤੋਂ ਸਿੱਧੇ ਰੂਪ ਵਿੱਚ ਕਿਸਾਨ ਘੋਲ ਨਹੀਂ ਦਬਾਇਆ ਜਾ ਸਕਿਆ ਤਾਂ ਉਸ ਨੇ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਫੱਟਾ ਮਾਰਕਾ ਕਿਸਮ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾ ਕੇ ਕਿਸਾਨਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਦੀਆਂ ਕੋਝੀਆਂ ਚਾਲਾਂ ਸਫ਼ਲ ਨਹੀਂ ਹੋਣਗੀਆਂ। ਮੋਦੀ ਸਰਕਾਰ ਦੇ ਚਿਹਰੇ ਤੋਂ ਹੰਕਾਰ ਤੇ ਹਾਰ ਸਾਫ਼ ਝਲਕਦੀ ਵਿਖਾਈ ਦੇ ਰਹੀ ਹੈ। ਜਥੇਬੰਦੀਆਂ ਨੇ ਦਿੱਲੀ ਜਾਣ ਦਾ ਹੋਕਾ ਦਿੰਦਿਆਂ ਐਲਾਨ ਕੀਤਾ ਕਿ ਜਿੰਨਾ ਚਿਰ ਲੋਕ ਵਿਰੋਧੀ ਖੇਤੀ ਕਾਨੂੰਨ, ਬਿਜਲੀ ਐਕਟ 2020 ਰੱਦ ਕਰਨ ਸਮੇਤ ਚੱਲ ਰਹੇ ਅੰਦੋਲਨ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨੀਂ ਦੇਰ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾਈ ਆਗੂ ਹੰਸ ਰਾਜ ਪੱਬਵਾਂ, ਰਾਜ ਕੁਮਾਰ ਪੰਡੋਰੀ, ਮੰਗਾ ਸਿੰਘ ਵੈਰੋਕੇ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਕਮਲਜੀਤ ਸਨਾਵਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਤਰਲੋਚਨ ਸਿੰਘ ਝੋਰੜਾਂ, ਤਰਸੇਮ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਪ੍ਰਕਾਸ਼ ਸਿੰਘ ਥੋਥੀਆਂ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਸਹਿੰਸਰਾ ਆਦਿ ਨੇ ਸੰਬੋਧਨ ਕੀਤਾ।