English Hindi January 24, 2021

ਮਿੱਤਰ ਪਿਆਰੇ

ਨਵਾਂਸ਼ਹਿਰ ’ਚ 17ਵੇਂ ਮਰੀਜ਼ ਨੇ ਵੀ ਕੋਰੋਨਾ ’ਤੇ ਫ਼ਤਿਹ ਪਾਈ

April 19, 2020 05:00 PM

-72 ਸਾਲਾ ਮਾਤਾ ਪ੍ਰੀਤਮ ਕੌਰ ਹਸਪਤਾਲ ਦੇ ਸਟਾਫ਼ ਨੂੰ ਅਸੀਸਾਂ ਦਿੰਦੀ ਘਰ ਨੂੰ ਗਈ
-ਭਰਾ ਅਜਾਇਬ ਸਿੰਘ ਨੇ ਭੈਣ ਦੇ ਠੀਕ ਹੋਣ ਦੀ ਖੁਸ਼ੀ ’ਚ ਹਸਪਤਾਲ ਨੂੰ ਦਿੱਤੀ ਇੱਕ ਮਹੀਨੇ ਦੀ ਪੈਨਸ਼ਨ

ਟ੍ਰਿਬਿਊਨ ਨਿਊਜ਼ ਸਰਵਿਸ
ਨਵਾਂਸ਼ਹਿਰ, 19 ਅਪਰੈਲ
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ ਅੱਜ ਇੱਕ ਹੋਰ ਮਰੀਜ਼ ਦੇ ਬਾਹਰ ਆਉਣ ਨਾਲ ਜ਼ਿਲ੍ਹੇ ’ਚ ਕੋਰੋਨਾ ’ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 17 ’ਤੇ ਪੁੱਜ ਗਈ। ਅੱਜ ਮਾਤਾ ਪ੍ਰੀਤਮ ਕੌਰ (72) ਜਦੋਂ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਤਾਂ ਐਂਬੂਲੈਂਸ ਤੱਕ ਆਉਂਦਿਆਂ ਹੀ ਉਨ੍ਹਾਂ ਨੇ ਨਮ ਅੱਖਾਂ ਨਾਲ ਹਸਪਤਾਲ ਦੇ ਸਟਾਫ਼ ਲਈ ਅਸੀਸਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਬਿਆਨ ਸ਼ਬਦਾਂ ਤੋਂ ਪਰੇ ਹੈ।
ਬੀਬੀ ਪ੍ਰੀਤਮ ਕੌਰ ਜੋ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦੇ ਮਾਤਾ ਹਨ, ਬੀਤੀ 26 ਮਾਰਚ ਨੂੰ ਆਪਣਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ। ਸਰਪੰਚ ਹਰਪਾਲ ਸਿੰਘ ਵੀ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਸੀ ਅਤੇ ਠੀਕ ਹੋਣ ਬਾਅਦ 7 ਅਪਰੈਲ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਏ ਸਨ।
ਆਪਣੀ ਭੈਣ ਦੇ ਠੀਕ ਹੋਣ ਦੀ ਖੁਸ਼ੀ ਸਾਂਝੀ ਕਰਨ ਵਿਸ਼ੇਸ਼ ਤੌਰ ’ਤੇ ਹਸਪਤਾਲ ਪੁੱਜੇ ਨਵਾਸ਼ਹਿਰ ਨੇੜਲੇ ਪਿੰਡ ਉਸਮਾਨਪੁਰ ਦੇ ਸਾਬਕਾ ਸਰਪੰਚ ਅਤੇ ਸੇਵਾਮੁਕਤ ਮੁੱਖ ਅਧਿਆਪਕ ਅਜਾਇਬ ਸਿੰਘ ਤਾਂ ਹਸਪਤਾਲ ਦੇ ਸਟਾਫ਼ ਦੀ ਸੇਵਾ ਭਾਵਨਾ ਤੋਂ ਇੰਨੇ ਖੁਸ਼ ਹੋਏ ਕਿ ਤੁਰੰਤ ਆਪਣੀ ਇੱਕ ਮਹੀਨੇ ਦੀ ਪੈਨਸ਼ਨ (40 ਹਜ਼ਾਰ ਰੁਪਏ) ਹਸਪਤਾਲ ਦੇ ਐਸ ਐਮ ਓ ਹਰਪਾਲ ਸਿੰਘ ਨੂੰ ਚੈੱਕ ਦੇ ਰੂਪ ’ਚ ਸੌਂਪ ਦਿੱਤੀ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 18 ਮਾਰਚ ਦੀ ਸਵੇਰ ਨੂੰ ਪਠਲਾਵਾ ਦੇ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਨੂੰ ਸ਼ੱਕੀ ਕੋਵਿਡ-19 ਪੀੜਤ ਮੰਨਦਿਆਂ ਉਸ ਦਾ ਲਿਆ ਟੈਸਟ ਪਾਜ਼ੇਟਿਵ ਆਉਣ ਬਾਅਦ, 19 ਅਪਰੈਲ ਤੋਂ 26 ਅਪਰੈਲ ਤੱਕ ਆਈਸੋਲੇਸ਼ਨ ਵਾਰਡ ’ਚ 18 ਮਰੀਜ਼ ਲਿਆਂਦੇ ਗਏ ਸਨ। ਇਨ੍ਹਾਂ ’ਚੋਂ 14 ਮਰੀਜ਼ ਸਵ. ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਸਨ ਜਦਕਿ ਬਾਕੀਆਂ ’ਚੋਂ ਦੋ ਉਨ੍ਹਾਂ ਦੇ ਸੰਪਰਕ ਵਜੋਂ ਅਤੇ 2 ਵਿਦੇਸ਼ ਤੋਂ ਵਾਪਸ ਪਰਤੇ ਜੱਥੇ ਦੇ ਮੈਂਬਰ ਸਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਹੁਣ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਹੁਣ ਸਿਰਫ਼ ਇੱਕੋ ਮਰੀਜ਼ ਹੀ ਰਹਿ ਗਿਆ ਹੈ, ਜਿਸ ਦਾ ਅਗਲੇ ਦੋ ਦਿਨਾਂ ’ਚ ਟੈਸਟ ਕਰਵਾਇਆ ਜਾਵੇਗਾ। ਇਹ ਮਰੀਜ਼ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਨਾਲ ਹੀ ਸਬੰਧਤ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੈ।
ਹਸਪਤਾਲ ਦੇ ਸਟਾਫ਼ ਵੱਲੋਂ ਅੱਜ ਮਾਤਾ ਪ੍ਰੀਤਮ ਕੌਰ ਨੂੰ ਫੁੱਲ ਦੇ ਕੇ ਹਸਪਤਾਲ ਤੋਂ ਵਿਦਾ ਕੀਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨ ਘਰ ਹੀ ਕੁਅਰਾਨਟਾਈਨ ਰਹਿਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਵੀ ਸਰਪੰਚ ਹਰਪਾਲ ਸਿੰਘ ਦੀ ਮਾਤਾ ਅਤੇ ਹਸਪਤਾਲ ’ਚ ਹੀ ਕੁਅਰਨਟਾਈਨ ਵਾਰਡ ’ਚ ਰਹਿ ਰਹੇ ਹਰਪਾਲ ਸਿੰਘ ਦੇ ਸੁਆਗਤ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ।
ਇਸ ਮੌਕੇ ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਅੱਜ 17 ਵੇਂ ਮਰੀਜ਼ ਦੇ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਨ੍ਹਾਂ 17 ’ਚੋਂ ਸਿਆਣੀ ਉਮਰ ਵਾਲੇ ਤਿੰਨ ਮਰੀਜ਼ ਬਿਲਕੁਲ ਤੰਦਰੁਸਤ ਰਹੇ ਅਤੇ ਸਿਹਤਯਾਬ ਹੋ ਕੇ ਘਰ ਪਰਤੇ। ਇਸ ਮੌਕੇ ਹਸਪਤਾਲ ਦੇ ਡਾਕਟਰ ਅਤੇ ਸਮੁੱਚਾ ਸਟਾਫ਼ ਵੀ ਮੌਜੂਦ ਸੀ।

Have something to say? Post your comment